ਜਨਗਣਨਾ

ਮੁੱਖ ਸਕੱਤਰ ਵੱਲੋਂ ਜਨਗਣਨਾ ਸੰਬੰਧੀ ਡਿਪਟੀ ਕਮਿਸ਼ਨਰਾਂ ਤੇ ਨਗਰ ਨਿਗਮ ਕਮਿਸ਼ਨਰਾਂ ਨਾਲ ਬੈਠਕ

ਚੰਡੀਗੜ੍ਹ, 16 ਸਤੰਬਰ 2025: ਪੰਜਾਬ ਦੀ ਸੂਬਾ ਪੱਧਰੀ ਜਨਗਣਨਾ ਤਾਲਮੇਲ ਕਮੇਟੀ (SLCCC) ਵੱਲੋਂ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦੀ ਪ੍ਰਧਾਨਗੀ ਹੇਠ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਅਹਿਮ ਬੈਠਕ ਹੋਈ | ਇਸ ਬੈਠਕ ਦਾ ਉਦੇਸ਼ ਪੰਜਾਬ ‘ਚ ਅਗਾਮੀ ਜਨਗਣਨਾ ਸਬੰਧੀ ਕਾਰਜਾਂ ਦੀ ਸਮੀਖਿਆ ਅਤੇ ਤਿਆਰੀਆਂ ਨੂੰ ਸੁਚਾਰੂ ਬਣਾਉਣ ਸੰਬੰਧੀ ਸੀ |

ਇਸ ਬੈਠਕ ‘ਚ ਸਥਾਨਕ ਸਰਕਾਰਾਂ, ਮਾਲ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਯੋਜਨਾਬੰਦੀ, ਵਿੱਤ ਅਤੇ ਸਕੂਲ ਸਿੱਖਿਆ ਵਿਭਾਗਾਂ ਦੇ ਵਧੀਕ ਮੁੱਖ ਸਕੱਤਰਾਂ ਅਤੇ ਪ੍ਰਮੁੱਖ ਸਕੱਤਰਾਂ ਸਮੇਤ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਬੈਠਕ ‘ਚ ਹਿੱਸਾ ਲਿਆ।

ਬੈਠਕ ‘ਚ ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਪੰਜਾਬ ‘ਚ ਜਨਗਣਨਾ ਨਾਲ ਸਬੰਧਤ ਗਤੀਵਿਧੀਆਂ ਲਈ ਨੋਡਲ ਅਫਸਰ ਨਾਮਜ਼ਦ ਕੀਤਾ ਗਿਆ ਹੈ ਅਤੇ ਪਹਿਲੀ ਬੈਠਕ ਜਨਗਣਨਾ ਸੰਚਾਲਨ, ਪੰਜਾਬ ਦੇ ਡਾਇਰੈਕਟਰ ਡਾ. ਨਵਜੋਤ ਖੋਸਾ ਵੱਲੋਂ ਸੱਦੀ ਗਈ, ਜਿਨ੍ਹਾਂ ਨੇ ਜਨਗਣਨਾ ਪ੍ਰਕਿਰਿਆ, ਇਸਦੇ ਕਾਨੂੰਨੀ ਢਾਂਚੇ, ਜਨਗਣਨਾ ਕੈਲੰਡਰ ਅਤੇ ਮੌਜੂਦਾ ਤਿਆਰੀਆਂ ਬਾਰੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਹੈ।

ਇਸ ਬੈਠਕ ਦੇ ਮੁੱਖ ਏਜੰਡੇ ਦੇ ਨੁਕਤਿਆਂ ‘ਚ ਸਰਕੂਲਰ ਨੰਬਰ 1, 2 ਅਤੇ 3, ਪੇਂਡੂ-ਸ਼ਹਿਰੀ ਵਰਗੀਕਰਨ ਸਬੰਧੀ ਮਾਪਦੰਡ, ਵਿਕਾਸ ਅਤੇ ਸ਼ਹਿਰੀ ਸਮੂਹੀਕਰਨ ਦੇ ਸੰਕਲਪ, ਨਕਸ਼ੇ ਨਾਲ ਸਬੰਧਤ ਮੁੱਦੇ ਅਤੇ ਚੁਣੇ ਹੋਏ ਜ਼ਿਲ੍ਹਿਆਂ ਜਲੰਧਰ, ਅੰਮ੍ਰਿਤਸਰ ਅਤੇ ਮਲੇਰਕੋਟਲਾ ‘ਚ ਡਿਜੀਟਲ ਜਨਗਣਨਾ 2027 ਦੇ ਅਗਾਮੀ ਪ੍ਰੀ-ਟੈਸਟ ਬਾਰੇ ਵਿਚਾਰ-ਚਰਚਾ ਸ਼ਾਮਲ ਸੀ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਨੇ ਜਨਗਣਨਾ ਸਬੰਧੀ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਦੇ ਪੂਰੇ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰ ਖੇਤਰ ਸਬੰਧੀ ਰੂਪ-ਰੇਖਾ ਨੂੰ ਅੰਤਿਮ ਰੂਪ ਦੇਣ ਅਤੇ ਨਿਗਰਾਨੀ ਲਈ ਜ਼ਿਲ੍ਹਾ ਅਤੇ ਨਿਗਮ ਪੱਧਰ ‘ਤੇ ਸਮਰਪਿਤ ਜਨਗਣਨਾ ਸੈੱਲ ਸਥਾਪਤ ਕਰਨ ਦੇ ਹੁਕਮ ਦਿੱਤੇ।

ਪੰਜਾਬ ਦੇ ਮੁੱਖ ਸਕੱਤਰ ਨੇ ਡਾਇਰੈਕਟੋਰੇਟ ਜਨਗਣਨਾ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ | ਉਨ੍ਹਾਂ ਨੇ ਕਿਹਾ ਕਿ 31 ਦਸੰਬਰ, 2025 ਤੱਕ ਪ੍ਰਬੰਧਕੀ ਸੀਮਾਵਾਂ ਨੂੰ ਅੰਤਿਮ ਰੂਪ ਦਿੱਤਾ ਜਾਣਾ ਚਾਹੀਦਾ ਹੈ। ਅੰਮ੍ਰਿਤਸਰ ਅਤੇ ਮਾਲੇਰਕੋਟਲਾ ਦੇ ਡਿਪਟੀ ਕਮਿਸ਼ਨਰਾਂ ਦੇ ਨਾਲ-ਨਾਲ ਨਗਰ ਨਿਗਮ ਕਮਿਸ਼ਨਰ, ਜਲੰਧਰ ਨੂੰ ਡਿਜੀਟਲ ਜਨਗਣਨਾ ਸਬੰਧੀ ਅਗਾਮੀ ਪ੍ਰੀ-ਟੈਸਟ ਗਤੀਵਿਧੀਆਂ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ। ਬੈਠਕ ‘ਚ ਜਨਗਣਨਾ ਕੈਲੰਡਰ ਮੁਤਾਬਕ ਤਿਆਰੀ ਸਬੰਧੀ ਸਾਰੀਆਂ ਗਤੀਵਿਧੀਆਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ।

Read More: ਹਰਿਆਣਾ ‘ਚ ਅਗਲੀ ਜਨਗਣਨਾ ਸੰਬੰਧੀ ਨੋਟੀਫਿਕੇਸ਼ਨ ਜਾਰੀ

Scroll to Top