ਸਪੋਰਟਸ, 16 ਸਤੰਬਰ 2025: ਏਸ਼ੀਆ ਕੱਪ 2025 ‘ਚ ਪਾਕਿਸਤਾਨ ਨੂੰ ਇੱਕ ਵਾਰ ਫਿਰ ਸ਼ਰਮਿੰਦਾ ਹੋਣਾ ਪਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਮੰਗਲਵਾਰ ਨੂੰ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੀ ਇਸ ਮੰਗ ਨੂੰ ਰੱਦ ਕਰ ਦਿੱਤਾ ਕਿ ਮੈਚ ਰੈਫਰੀ ਐਂਡੀ ਪਾਈਕ੍ਰਾਫਟ ਨੂੰ ਚੱਲ ਰਹੇ ਏਸ਼ੀਆ ਕੱਪ ਟੂਰਨਾਮੈਂਟ ਦੇ ਅਧਿਕਾਰੀਆਂ ਦੇ ਪੈਨਲ ਤੋਂ ਹਟਾਇਆ ਜਾਵੇ।
ਇਹ ਫੈਸਲਾ ਭਾਰਤ-ਪਾਕਿਸਤਾਨ ਮੈਚ ਤੋਂ ਬਾਅਦ ਹੱਥ ਮਿਲਾਉਣ ਦੇ ਵਿਵਾਦ ਦੇ ਵਿਚਕਾਰ ਆਇਆ ਹੈ। ਪੀਸੀਬੀ ਨੇ ਦੋਸ਼ ਲਗਾਇਆ ਸੀ ਕਿ ਪਾਈਕ੍ਰਾਫਟ ਨੇ ਟਾਸ ਦੌਰਾਨ ਪਾਕਿਸਤਾਨ ਦੇ ਕਪਤਾਨ ਸਲਮਾਨ ਅਲੀ ਆਗਾ ਨੂੰ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨਾਲ ਹੱਥ ਨਾ ਮਿਲਾਉਣ ਲਈ ਕਿਹਾ ਸੀ।
ਆਈਸੀਸੀ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਆਪਣਾ ਫੈਸਲਾ ਦੱਸ ਦਿੱਤਾ ਹੈ। ਨਿਊਜ਼ ਏਜੰਸੀ ਪੀਟੀਆਈ ਨੇ ਆਈਸੀਸੀ ਦੇ ਇੱਕ ਸਰੋਤ ਦੇ ਹਵਾਲੇ ਨਾਲ ਕਿਹਾ, ‘ਬੀਤੀ ਰਾਤ ਆਈਸੀਸੀ ਨੇ ਪੀਸੀਬੀ ਨੂੰ ਜਵਾਬ ਭੇਜਿਆ ਕਿ ਪਾਈਕ੍ਰਾਫਟ ਨੂੰ ਨਹੀਂ ਹਟਾਇਆ ਜਾਵੇਗਾ ਅਤੇ ਉਨ੍ਹਾਂ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ।’ 69 ਸਾਲਾ ਜ਼ਿੰਬਾਬਵੇ ਦੇ ਪਾਈਕ੍ਰਾਫਟ ਬੁੱਧਵਾਰ ਨੂੰ ਯੂਏਈ ਵਿਰੁੱਧ ਪਾਕਿਸਤਾਨ ਦੇ ਆਖਰੀ ਗਰੁੱਪ-ਪੜਾਅ ਮੈਚ ‘ਚ ਰੈਫਰੀ ਦੀ ਭੂਮਿਕਾ ਵੀ ਨਿਭਾਉਣਗੇ।
ਜਾਣਕਾਰ ਮੁਤਾਬਕ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੇ ਕੁਝ ਅਧਿਕਾਰੀ, ਜਿਨ੍ਹਾਂ ਵਿੱਚ ਪੀਸੀਬੀ ਡਾਇਰੈਕਟਰ ਵੀ ਸ਼ਾਮਲ ਸੀ, ਪਹਿਲਾਂ ਤੋਂ ਹੀ ਜਾਣਦੇ ਸਨ ਕਿ ਦੋਵੇਂ ਕਪਤਾਨ ਮੈਚ ਤੋਂ ਬਾਅਦ ਹੱਥ ਨਹੀਂ ਮਿਲਾਉਣਗੇ। ਇਸ ਦੇ ਬਾਵਜੂਦ, ਪੀਸੀਬੀ ਅਤੇ ਨਕਵੀ ਨੇ ਹੰਗਾਮਾ ਕੀਤਾ।
ਨਵੀਦ ਚੀਮਾ ਨੇ ਦੋਸ਼ ਲਗਾਇਆ ਸੀ ਕਿ ਪਾਈਕ੍ਰਾਫਟ ਦੇ ਇਸ਼ਾਰੇ ‘ਤੇ ਐਤਵਾਰ ਨੂੰ ਦੋਵਾਂ ਕਪਤਾਨਾਂ ਵਿਚਕਾਰ ਟੀਮ ਸ਼ੀਟ ਦਾ ਆਦਾਨ-ਪ੍ਰਦਾਨ ਨਹੀਂ ਕੀਤਾ ਗਿਆ | ਚੀਮਾ ਨੇ ਕਿਹਾ ਸੀ ਕਿ ਪਾਈਕ੍ਰਾਫਟ ਨੇ ਪਾਕਿਸਤਾਨ ਦੇ ਕਪਤਾਨ ਸਲਮਾਨ ਆਗਾ ਨੂੰ ਸੂਰਿਆਕੁਮਾਰ ਯਾਦਵ ਨਾਲ ਹੱਥ ਨਾ ਮਿਲਾਉਣ ਦਾ ਸੁਝਾਅ ਦਿੱਤਾ ਸੀ। ਪੀਸੀਬੀ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਭਾਰਤੀ ਖਿਡਾਰੀਆਂ ਨੇ ਵਿਰੋਧੀ ਟੀਮ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰਕੇ ਆਚਾਰ ਸੰਹਿਤਾ ਦੀ ਉਲੰਘਣਾ ਕੀਤੀ ਹੈ।
Read More: ਪਾਕਿਸਤਾਨ ਕ੍ਰਿਕਟ ਬੋਰਡ ਨੇ ਭਾਰਤੀ ਟੀਮ ਖ਼ਿਲਾਫ ACC ਕੋਲ ਕੀਤੀ ਸ਼ਿਕਾਇਤ




