ਸਪੋਰਟਸ, 15 ਸਤੰਬਰ 2025: IND ਬਨਾਮ PAK: ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਏਸ਼ੀਆ ਕੱਪ 2025 ਦੇ ਹਾਈ-ਵੋਲਟੇਜ ਮੈਚ ਤੋਂ ਬਾਅਦ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰਨ ਅਤੇ ਭਾਰਤੀ ਡ੍ਰੈਸਿੰਗ ਰੂਮ ਦਾ ਦਰਵਾਜ਼ਾ ਬੰਦ ਕਰਨ ‘ਤੇ ਆਖਰਕਾਰ ਆਪਣੀ ਚੁੱਪੀ ਤੋੜੀ। ਐਤਵਾਰ ਨੂੰ ਖੇਡੇ ਇਸ ਮੈਚ ‘ਚ ਭਾਰਤ ਨੇ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ। ਮੈਚ ਤੋਂ ਬਾਅਦ, ਭਾਰਤੀ ਖਿਡਾਰੀਆਂ ਨੇ ਨਾ ਤਾਂ ਹੱਥ ਮਿਲਾਇਆ ਅਤੇ ਨਾ ਹੀ ਪਾਕਿਸਤਾਨੀ ਖਿਡਾਰੀਆਂ ਨਾਲ ਗੱਲ ਕੀਤੀ।
ਕਪਤਾਨ ਸੂਰਿਆਕੁਮਾਰ ਨੇ ਟਾਸ ਦੌਰਾਨ ਵੀ ਸਲਮਾਨ ਅਲੀ ਆਗਾ ਨਾਲ ਹੱਥ ਨਹੀਂ ਮਿਲਾਇਆ। ਇੰਨਾ ਹੀ ਨਹੀਂ, ਜਿਵੇਂ ਹੀ ਪਾਕਿਸਤਾਨੀ ਖਿਡਾਰੀ ਭਾਰਤੀ ਖਿਡਾਰੀਆਂ ਨਾਲ ਹੱਥ ਮਿਲਾਉਣ ਲਈ ਅੱਗੇ ਵਧੇ, ਭਾਰਤੀ ਡਰੈਸਿੰਗ ਰੂਮ ਦਾ ਦਰਵਾਜ਼ਾ ਬੰਦ ਹੋ ਗਿਆ। ਇਹ ਪ੍ਰਤੀਕਾਤਮਕ ਬਾਈਕਾਟ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਭਾਰਤੀ ਕਪਤਾਨ ਸੂਰਿਆਕੁਮਾਰ ਨੇ ਮੈਚ ਤੋਂ ਬਾਅਦ ਦੀ ਪ੍ਰੈਸ ਕਾਨਫਰੰਸ ‘ਚ ਸ ਚਰਚਾ ‘ਤੇ ਬਿਆਨ ਦਿੱਤਾ ਹੈ |
ਮੈਚ ਤੋਂ ਬਾਅਦ ਦੀ ਪ੍ਰੈਸ ਕਾਨਫਰੰਸ ‘ਚ ਸੂਰਿਆਕੁਮਾਰ ਯਾਦਵ ਨੇ ਕਿਹਾ, ‘ਜਦੋਂ ਅਸੀਂ ਇੱਥੇ ਖੇਡਣ ਲਈ ਆਏ ਸੀ, ਤਾਂ ਅਸੀਂ ਇੱਕ ਟੀਮ ਵਜੋਂ ਫੈਸਲਾ ਲਿਆ ਸੀ। ਅਸੀਂ ਇੱਥੇ ਸਿਰਫ਼ ਖੇਡਣ ਲਈ ਆਏ ਸੀ, ਅਸੀਂ ਮੈਦਾਨ ‘ਤੇ ਢੁਕਵਾਂ ਜਵਾਬ ਦਿੱਤਾ। ਅਸੀਂ ਬੀਸੀਸੀਆਈ ਅਤੇ ਸਰਕਾਰ ਦੇ ਨਾਲ ਹਾਂ। ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ‘ਚ ਕੁਝ ਚੀਜ਼ਾਂ ਖੇਡ ਭਾਵਨਾ ਤੋਂ ਉੱਪਰ ਹਨ। ਮੈਂ ਮੈਚ ਤੋਂ ਬਾਅਦ ਦੀ ਪੇਸ਼ਕਾਰੀ ‘ਚ ਵੀ ਇਹੀ ਗੱਲ ਕਹੀ ਸੀ। ਅਸੀਂ ਪਹਿਲਗਾਮ ਅੱ.ਤ.ਵਾ.ਦੀ ਹਮਲੇ ਦੇ ਸਾਰੇ ਪੀੜਤਾਂ ਦੇ ਨਾਲ ਖੜ੍ਹੇ ਹਾਂ।’
ਭਾਰਤੀ ਕਪਤਾਨ ਨੇ ਕਿਹਾ, ‘ਅਸੀਂ ਪੀੜਤ ਪਰਿਵਾਰਾਂ ਦੇ ਨਾਲ ਹਾਂ ਅਤੇ ਏਕਤਾ ਪ੍ਰਗਟ ਕਰਦੇ ਹਾਂ। ਜਿਵੇਂ ਮੈਂ ਕਿਹਾ, ਅਸੀਂ ਇਹ ਜਿੱਤ ਆਪ੍ਰੇਸ਼ਨ ਸੰਧੂਰ ‘ਚ ਹਿੱਸਾ ਲੈਣ ਵਾਲੇ ਬਹਾਦਰ ਸੈਨਿਕਾਂ ਨੂੰ ਸਮਰਪਿਤ ਕਰਦੇ ਹਾਂ। ਜਿਵੇਂ ਉਹ ਸਾਨੂੰ ਪ੍ਰੇਰਿਤ ਕਰਦੇ ਹਨ, ਅਸੀਂ ਜਦੋਂ ਵੀ ਮੌਕਾ ਮਿਲੇਗਾ ਉਨ੍ਹਾਂ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ।’
Read More: IND ਬਨਾਮ PAK: ਭਾਰਤੀ ਖਿਡਾਰੀਆਂ ਨੇ ਜਿੱਤ ਤੋਂ ਬਾਅਦ ਨਹੀਂ ਮਿਲਾਇਆ ਹੱਥ, ਡ੍ਰੈਸਿੰਗ ਰੂਮ ਦਾ ਦਰਵਾਜ਼ਾ ਕੀਤਾ ਬੰਦ




