ਨੰਗਲ, 10 ਸਤੰਬਰ 2025: ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ‘ਚ 100 ਫੀਸਦੀ ਸੜਕੀ ਸੰਪਰਕ, ਬਿਜਲੀ ਸਪਲਾਈ ਅਤੇ ਪਾਣੀ ਸਪਲਾਈ ਮੁੜ ਬਹਾਲ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਸਿੰਘਪੁਰ-ਪਲਾਸੀ ਦੇ ਵਾਸੀ ਹੁਣ ਹੜ੍ਹ ਦੇ ਪਾਣੀਆਂ ਦੇ ਘਟਣ ਤੋਂ ਬਾਅਦ ਰਾਹਤ ਕੈਂਪਾਂ ਤੋਂ ਆਪਣੇ ਘਰਾਂ ਵਾਪਸ ਜਾਣ ਲੱਗ ਪਏ ਹਨ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹਰਸਾ ਬੇਲਾ, ਪੱਤੀ ਦੂਲਚੀ ਅਤੇ ਬੇਲਾ ਸ਼ਿਵ ਸਿੰਘ ਵਰਗੇ ਪਿੰਡ, ਜੋ ਹੜ੍ਹ ਦੇ ਪਾਣੀ ਕਾਰਨ ਕੱਟ ਗਏ ਸਨ, ਜਿਨ੍ਹਾਂ ਨੂੰ ਮੁੜ ਜੋੜੇ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ 90 ਫੀਸਦੀ ਕੰਮ ਮੁਕੰਮਲ ਕਰ ਲਿਆ ]ਸੀ ਪਰ ਕੁਝ ਮਕੈਨਿਕਲ ਰੁਕਾਵਟਾਂ ਕਰਕੇ ਦੇਰੀ ਹੋਈ, ਹਾਲਾਂਕਿ ਇਹ ਕੰਮ ਅੱਜ ਕੁਝ ਘੰਟਿਆਂ ‘ਚ ਪੂਰਾ ਹੋ ਜਾਵੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸਿੰਘਪੁਰ-ਪਲਾਸੀ ਦੇ ਘਰਾਂ ‘ਚ ਫਾਗਿੰਗ ਤੇ ਦਵਾਈ ਦਾ ਛਿੜਕਾਅ ਕੀਤਾ ਹੈ। ਉਨ੍ਹਾਂ ਕਿਹਾ ਕਿ 100 ਫੀਸਦੀ ਬਿਜਲੀ ਸਪਲਾਈ ਮੁੜ ਚਾਲੂ ਕਰ ਦਿੱਤੀ ਗਈ ਹੈ, ਬਿਜਲੀ ਦੇ ਖੰਭੇ, ਤਾਰਾਂ ਤੇ ਟਰਾਂਸਫਾਰਮਰ ਠੀਕ ਕਰਕੇ ਚਾਲੂ ਕੀਤੇ ਹਨ। ਇਸੇ ਤਰ੍ਹਾਂ, 100 ਫੀਸਦੀ ਪਾਣੀ ਸਪਲਾਈ ਵੀ ਮੁੜ ਬਹਾਲ ਹੋ ਚੁੱਕੀ ਹੈ | ਜਿਸ ਲਈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਐਨ.ਡੀ.ਆਰ.ਐਫ ਦੀਆਂ ਕਿਸ਼ਤੀਆਂ ਦੀ ਸਹਾਇਤਾ ਨਾਲ ਪਾਈਪ ਲਾਈਨਾਂ ਨੂੰ ਮੁੜ ਜੋੜਿਆ ਹੈ।
ਹਰਜੋਤ ਸਿੰਘ ਬੈਂਸ ਨੇ ਹੋਰ ਦੱਸਿਆ ਕਿ ਬੇਲਾ ਧਿਆਨੀ ਦਾ ਟੁੱਟਿਆ ਲੱਕੜ ਦਾ ਪੁੱਲ ਹੁਣ ਮਜ਼ਬੂਤ ਮੋਟਰਯੋਗ ਪੁੱਲ ‘ਚ ਬਦਲਿਆ ਜਾਵੇਗਾ ਉਨ੍ਹਾਂ ਦੱਸਿਆ ਕਿ ਰੈਵੇਨਿਊ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਖਾਸ ਗਿਰਦਾਵਰੀ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ, ਜੋ ਆਉਂਦੇ ਦਿਨਾਂ ‘ਚ ਮੁਕੰਮਲ ਹੋ ਜਾਵੇਗਾ। ਇਸ ਦੀ ਰਿਪੋਰਟ ਸਰਕਾਰ ਨੂੰ ਭੇਜ ਕੇ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।
ਉਨ੍ਹਾਂ ਨੇ ਆਪ ਵਲੰਟੀਅਰਾਂ, ਪੰਚਾਂ-ਸਰਪੰਚਾਂ ਅਤੇ ਯੂਥ ਕਲੱਬਾਂ ਦੇ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਇਸ ਸੰਕਟ ਦੇ ਸਮੇਂ ਉਨ੍ਹਾਂ ਨਾਲ ਮਿਲ ਕੇ ਕੰਮ ਕੀਤਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਡਾਕਟਰੀ ਟੀਮਾਂ ਅਤੇ ਪਸ਼ੂ ਪਾਲਣ ਵਿਭਾਗ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਲਗਾਤਾਰ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਫ਼ਤ ਡਾਕਟਰੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਦਕਿ ਪਸ਼ੂਆਂ ਲਈ ਖ਼ਾਸ ਟੀਕਾਕਰਨ ਮੁਹਿੰਮ ਵੀ ਚਲਾਈ ਜਾ ਰਹੀ ਹੈ। ਪਸ਼ੂਆਂ ਦੀ ਸੰਭਾਲ ਲਈ 10 ਟਰੱਕ ਚਾਰਾ ਪਹਿਲਾਂ ਹੀ ਵੰਡਿਆ ਜਾ ਚੁੱਕਾ ਹੈ, ਜਦਕਿ ਪ੍ਰਭਾਵਿਤ ਪਰਿਵਾਰਾਂ ਲਈ ਖਾਣ-ਪੀਣ ਸਮੇਤ ਹੋਰ ਜ਼ਰੂਰੀ ਚੀਜ਼ਾਂ ਦੀ ਸਪਲਾਈ ਨਿਯਮਿਤ ਤੌਰ ‘ਤੇ ਕੀਤੀ ਜਾ ਰਹੀ ਹੈ।
Read More: ਪੰਜਾਬ ਸਰਕਾਰ ਦਾ ‘ਆਪ੍ਰੇਸ਼ਨ ਰਾਹਤ’ ਹੜ੍ਹ ਪੀੜਤਾਂ ਤੇ ਕਿਸਾਨਾਂ ਦਾ ਬਣਿਆ ਸਹਾਰਾ !




