ਚੰਡੀਗੜ੍ਹ, 7 ਸਤੰਬਰ 2025: ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ (Hardeep Singh Mundian) ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 2131 ਹੈਕਟੇਅਰ ਰਕਬੇ ਵਿੱਚ 48 ਹੋਰ ਪਿੰਡ, 2691 ਬਸਤੀਆਂ ਅਤੇ ਖੜ੍ਹੀਆਂ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ। ਹੁਣ ਤੱਕ 22 ਜ਼ਿਲ੍ਹਿਆਂ ਦੇ 1996 ਪਿੰਡ ਪ੍ਰਭਾਵਿਤ ਹੋਏ ਹਨ, ਜਿਸ ਨਾਲ ਪ੍ਰਭਾਵਿਤ ਕੁੱਲ ਆਬਾਦੀ 3,87,013 ਹੋ ਗਈ ਹੈ।
ਹਰਦੀਪ ਸਿੰਘ ਮੁੰਡੀਆਂ (Hardeep Singh Mundian) ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਜਲੰਧਰ ਜ਼ਿਲ੍ਹੇ ਦੇ 19 ਹੋਰ ਪਿੰਡ ਪ੍ਰਭਾਵਿਤ ਹੋਏ ਹਨ, ਜਦੋਂ ਕਿ ਇਸੇ ਸਮੇਂ ਦੌਰਾਨ ਲੁਧਿਆਣਾ ਦੇ 13 ਪਿੰਡ, ਫਿਰੋਜ਼ਪੁਰ ਦੇ 6, ਅੰਮ੍ਰਿਤਸਰ ਦੇ 5, ਹੁਸ਼ਿਆਰਪੁਰ ਦੇ 4 ਅਤੇ ਜ਼ਿਲ੍ਹਾ ਫਾਜ਼ਿਲਕਾ ਦਾ 1 ਪਿੰਡ ਪ੍ਰਭਾਵਿਤ ਹੋਇਆ ਹੈ।
ਨਿਕਾਸੀ ਯਤਨਾਂ ਦੇ ਵੇਰਵੇ ਦਿੰਦੇ ਹੋਏ ਮਾਲ ਮੰਤਰੀ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 925 ਹੋਰ ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ, ਜਿਸ ਨਾਲ ਹੁਣ ਤੱਕ ਕੱਢੇ ਗਏ ਵਿਅਕਤੀਆਂ ਦੀ ਕੁੱਲ ਗਿਣਤੀ 22,854 ਹੋ ਗਈ ਹੈ। ਸਭ ਤੋਂ ਵੱਧ ਲੋਕ ਗੁਰਦਾਸਪੁਰ (5581), ਫਾਜ਼ਿਲਕਾ (4202), ਫਿਰੋਜ਼ਪੁਰ (3888), ਅੰਮ੍ਰਿਤਸਰ (3260), ਹੁਸ਼ਿਆਰਪੁਰ (1616), ਪਠਾਨਕੋਟ (1139) ਅਤੇ ਕਪੂਰਥਲਾ (1428) ਤੋਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿੱਚ ਇਸ ਸਮੇਂ 139 ਰਾਹਤ ਕੈਂਪ ਚੱਲ ਰਹੇ ਹਨ, ਜਿਨ੍ਹਾਂ ਵਿੱਚ 6121 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 219 ਕੈਂਪ ਸਥਾਪਤ ਕੀਤੇ ਗਏ ਹਨ। ਫਾਜ਼ਿਲਕਾ ਜ਼ਿਲ੍ਹੇ ਦੇ 14 ਕੈਂਪਾਂ ਵਿੱਚ 2588 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ। ਇਸੇ ਤਰ੍ਹਾਂ,
ਬਰਨਾਲਾ ਦੇ 49 ਕੈਂਪਾਂ ਵਿੱਚ 527 ਵਿਅਕਤੀਆਂ, ਹੁਸ਼ਿਆਰਪੁਰ ਦੇ 4 ਕੈਂਪਾਂ ਵਿੱਚ 921 ਵਿਅਕਤੀਆਂ, ਰੂਪਨਗਰ ਦੇ 5 ਕੈਂਪਾਂ ਵਿੱਚ 250 ਵਿਅਕਤੀਆਂ, ਮੋਗਾ ਦੇ 3 ਕੈਂਪਾਂ ਵਿੱਚ 155 ਵਿਅਕਤੀਆਂ ਅਤੇ ਮਾਨਸਾ ਦੇ 2 ਕੈਂਪਾਂ ਵਿੱਚ 89 ਪ੍ਰਭਾਵਿਤ ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ, ਅੰਮ੍ਰਿਤਸਰ ਅਤੇ ਰੂਪਨਗਰ ਵਿੱਚ ਹੜ੍ਹਾਂ ਨੇ ਤਿੰਨ ਹੋਰ ਜਾਨਾਂ ਲੈ ਲਈਆਂ ਹਨ, ਜਿਸ ਨਾਲ 14 ਜ਼ਿਲ੍ਹਿਆਂ ਵਿੱਚ ਮੌਤਾਂ ਦੀ ਕੁੱਲ ਗਿਣਤੀ 46 ਹੋ ਗਈ ਹੈ, ਜਦੋਂ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਤਿੰਨ ਵਿਅਕਤੀ ਅਜੇ ਵੀ ਲਾਪਤਾ ਹਨ।
ਫਸਲਾਂ ਦੇ ਨੁਕਸਾਨ ਦੇ ਵੇਰਵੇ ਦਿੰਦੇ ਹੋਏ ਡੀਜੀਪੀ ਹਰਦੀਪ ਸਿੰਘ ਮੁੰਡੀਆਂ (Hardeep Singh Mundian) ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ, 2131 ਹੈਕਟੇਅਰ ਹੋਰ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਨਾਲ 18 ਜ਼ਿਲ੍ਹਿਆਂ ਵਿੱਚ ਹੁਣ ਤੱਕ ਕੁੱਲ ਫਸਲਾਂ ਦਾ ਨੁਕਸਾਨ 1.74 ਲੱਖ ਹੈਕਟੇਅਰ ਹੋ ਗਿਆ ਹੈ। ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਗੁਰਦਾਸਪੁਰ (40,169 ਹੈਕਟੇਅਰ), ਫਾਜ਼ਿਲਕਾ (18,649 ਹੈਕਟੇਅਰ), ਫਿਰੋਜ਼ਪੁਰ (17,257 ਹੈਕਟੇਅਰ), ਕਪੂਰਥਲਾ (17,574 ਹੈਕਟੇਅਰ), ਹੁਸ਼ਿਆਰਪੁਰ (8,322 ਹੈਕਟੇਅਰ), ਸੰਗਰੂਰ (6,560 ਹੈਕਟੇਅਰ), ਤਰਨਤਾਰਨ (12,828 ਹੈਕਟੇਅਰ) ਅਤੇ ਐਸਏਐਸ ਨਗਰ (2,000 ਹੈਕਟੇਅਰ) ਸ਼ਾਮਲ ਹਨ।