ਚੰਡੀਗੜ੍ਹ, 06 ਸਤੰਬਰ 2025: ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਹਰਜੋਤ ਸਿੰਘ ਬੈਂਸ ਨਿੱਜੀ ਤੌਰ ‘ਤੇ ਧੁੱਸੀ ਬੰਨ੍ਹ ‘ਤੇ ਨਿਗਰਾਨੀ ਕਰ ਰਹੇ ਹਨ, ਤਾਂ ਜੋ ਲੋਕਾਂ ਨੂੰ ਹੜ੍ਹਾਂ ਦੇ ਖ਼ਤਰੇ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਲੁਧਿਆਣਾ ਜ਼ਿਲ੍ਹੇ ਚ ਕੈਬਨਿਟ ਮੰਤਰੀ ਹਰਦੀਪ ਮੌਜੂਦਾ ਧੁੱਸੀ ਬੰਨ੍ਹ ਤੋਂ ਲਗਭਗ 500 ਮੀਟਰ ਦੀ ਦੂਰੀ ‘ਤੇ ਬਣਾਏ ਜਾ ਰਹੇ ਇੱਕ ਨਵੇਂ ਅਸਥਾਈ ਰਿੰਗ ਡੈਮ ਦੇ ਨਿਰਮਾਣ ਦੀ ਨਿਗਰਾਨੀ ਕਰ ਰਹੇ ਹਨ। ਭਾਰਤੀ ਫੌਜ, ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨਡੀਆਰਐਫ) ਅਤੇ ਸਥਾਨਕ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਖੇਤਰ ‘ਚ ਹੜ੍ਹ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਕੰਮ ਜਾਰੀ ਹੈ |
ਇਹ ਕੰਮ ਕੈਬਨਿਟ ਮੰਤਰੀ ਮੁੰਡੀਆਂ ਦੀ ਨਿਗਰਾਨੀ ਹੇਠ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਅਧਿਕਾਰੀਆਂ ਦੀ ਇੱਕ ਟੀਮ ਦੁਆਰਾ ਕੀਤਾ ਜਾ ਰਿਹਾ ਹੈ ਜੋ ਪਿਛਲੇ ਦੋ ਦਿਨਾਂ ਤੋਂ ਮੌਕੇ ‘ਤੇ ਤਾਇਨਾਤ ਹਨ। ਇਸੇ ਤਰ੍ਹਾਂ, ਰੂਪਨਗਰ ਜ਼ਿਲ੍ਹੇ ਦੇ ਆਨੰਦਪੁਰ ਸਾਹਿਬ ਹਲਕੇ ‘ਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸਤਲੁਜ ਦਰਿਆ ‘ਤੇ ਕਮਜ਼ੋਰ ਡੈਮਾਂ ਦੀ ਮਜ਼ਬੂਤੀ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰ ਰਹੇ ਹਨ।
ਹਰਜੋਤ ਸਿੰਘ ਬੈਂਸ ਨੇ ਬੀਤੇ ਦਿਨ ਕਿਹਾ ਕਿ ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1679.05 ਫੁੱਟ ਤੋਂ ਘੱਟ ਕੇ 1678.66 ਫੁੱਟ ਹੋ ਗਿਆ ਹੈ, ਜਿਸ ਨਾਲ ਬਹੁਤ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਘੱਟ ਮੀਂਹ ਪੈਣ ਦਾ ਸੰਕੇਤ ਦੇ ਰਹੀ ਹੈ, ਜਿਸ ਕਾਰਨ ਸਥਿਤੀ ਕਾਬੂ ‘ਚ ਆਉਣ ਦੀ ਉਮੀਦ ਹੈ।
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਰਾਸ਼ਨ ਅਤੇ ਪਸ਼ੂਆਂ ਦੇ ਚਾਰੇ ਦੇ ਤਿੰਨ ਟਰੱਕ ਭੇਜੇ। ਸੌਂਦ ਨੇ ਕਿਹਾ, “ਇਸ ਔਖੇ ਸਮੇਂ ‘ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨਾ ਸਾਡਾ ਸਭ ਤੋਂ ਵੱਡਾ ਫਰਜ਼ ਹੈ।”
ਇਸ ਦੌਰਾਨ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਗਾਗਾ ਹਲਕੇ ਦੇ ਮਕੌਰੜ ਸਾਹਿਬ ਸਮੇਤ ਘੱਗਰ ਦਰਿਆ ਦੇ ਨਾਲ ਲੱਗਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਦਰਿਆ ਦੀ ਨਿਰੰਤਰ ਨਿਗਰਾਨੀ ਲਈ 24 ਘੰਟੇ ਗਸ਼ਤ ਕਰਨ ਵਾਲੀਆਂ ਟੀਮਾਂ ਤਾਇਨਾਤ ਕੀਤੀਆਂ ਹਨ ਅਤੇ ਘੱਗਰ ਦਰਿਆ ਦੇ ਕੰਢੇ ਸਥਿਤ ਕਸਬਿਆਂ ਅਤੇ ਪਿੰਡਾਂ ‘ਚ ਪੰਜ ਰਾਹਤ ਕੈਂਪ ਸਥਾਪਤ ਕੀਤੇ ਹਨ।
Read More: ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਘਟਣ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਮਿਲੀ ਰਾਹਤ: ਹਰਜੋਤ ਬੈਂਸ




