Actor Akshay Kumar

ਪੰਜਾਬ ‘ਚ ਹੜ੍ਹਾਂ ਦੌਰਾਨ ਮੱਦਦ ਲਈ ਅੱਗੇ ਆਏ ਅਦਾਕਾਰ ਅਕਸ਼ੈ ਕੁਮਾਰ, 5 ਕਰੋੜ ਰੁਪਏ ਕੀਤੇ ਦਾਨ

ਪੰਜਾਬ, 06 ਸਤੰਬਰ 2025: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਪੰਜਾਬ ‘ਚ ਆਏ ਭਿਆਨਕ ਹੜ੍ਹਾਂ ਦੌਰਾਨ ਮੱਦਦ ਲਈ ਅੱਗੇ ਆਏ ਹਨ। ਅਕਸ਼ੈ ਕੁਮਾਰ ਨਾ ਸਿਰਫ਼ ਪਰਦੇ ‘ਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਜਾਣੇ ਜਾਂਦੇ ਹਨ, ਸਗੋਂ ਅਸਲ ਜ਼ਿੰਦਗੀ ‘ਚ ਵੀ ਉਨ੍ਹਾਂ ਦੀ ਉਦਾਰਤਾ ਅਤੇ ਸਮਾਜ ਸੇਵਾ ਲਈ ਪ੍ਰਸ਼ੰਸਾ ਕੀਤੀ ਜਾਂਦੀ ਹੈ। ਕਈ ਮੌਕਿਆਂ ‘ਤੇ ਗਰੀਬਾਂ ਅਤੇ ਲੋੜਵੰਦਾਂ ਦੀ ਮੱਦਦ ਕਰਦੇ ਹਨ |

ਪੰਜਾਬ ਆਪਣੇ ਇਤਿਹਾਸ ਦੇ ਸਭ ਤੋਂ ਭਿਆਨਕ ਹੜ੍ਹਾਂ ਨਾਲ ਜੂਝ ਰਿਹਾ ਹੈ। ਅਜਿਹੀ ਸਥਿਤੀ ‘ਚ ਅਕਸ਼ੈ ਕੁਮਾਰ ਨੇ ਰਾਹਤ ਅਤੇ ਮੱਦਦ ਲਈ 5 ਕਰੋੜ ਰੁਪਏ ਦਾਨ ਕੀਤੇ ਹਨ। ਖਾਸ ਗੱਲ ਇਹ ਹੈ ਕਿ ਅਦਾਕਾਰ ਨੇ ਇਸ ਰਕਮ ਨੂੰ ਦਾਨ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਇਸਨੂੰ ਸੇਵਾ ਕਿਹਾ ਹੈ। ਕੁਮਾਰ ਨੇ ਇਹ ਐਲਾਨ ਇੱਕ ਅੰਗਰੇਜ਼ੀ ਮੀਡੀਆ ਸੰਗਠਨ ਨਾਲ ਗੱਲਬਾਤ ‘ਚ ਕੀਤਾ ਹੈ।

ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਨੇ ਇੱਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਨੂੰ ਹੜ੍ਹ ਪੀੜਤਾਂ ਲਈ ਦਾਨ ਕਰਨ ਦੀ ਅਪੀਲ ਕੀਤੀ ਹੈ। ਭਾਰਤੀ ਕ੍ਰਿਕਟਰ ਹਰਪ੍ਰੀਤ ਸਿੰਘ ਬਰਾੜ ਦਾ ਇੱਕ ਵੀਡੀਓ ਜਾਰੀ ਕਰਦਿਆਂ, ਉਨ੍ਹਾਂ ਨੇ ਪੰਜਾਬ ‘ਚ ਹੜ੍ਹ ਪੀੜਤਾਂ ਦੀ ਮੱਦਦ ਕਰਨ ਦੀ ਅਪੀਲ ਕੀਤੀ ਹੈ।

ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋਏ ਅਕਸ਼ੈ ਕੁਮਾਰ ਨੇ ਕਿਹਾ ਕਿ ਮੈਂ ਆਪਣੇ ਵਿਚਾਰ ‘ਤੇ ਕਾਇਮ ਹਾਂ। ਹਾਂ, ਮੈਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਖਰੀਦਣ ਲਈ 5 ਕਰੋੜ ਰੁਪਏ ਦਾਨ ਕਰ ਰਿਹਾ ਹਾਂ, ਪਰ ਮੈਂ ਕਿਸੇ ਨੂੰ ਦਾਨ ਕਰਨ ਵਾਲਾ ਕੌਣ ਹਾਂ? ਜਦੋਂ ਮੈਨੂੰ ਮੱਦਦ ਦਾ ਹੱਥ ਵਧਾਉਣ ਦਾ ਮੌਕਾ ਮਿਲਦਾ ਹੈ, ਤਾਂ ਮੈਂ ਧੰਨ ਮਹਿਸੂਸ ਕਰਦਾ ਹਾਂ। ਮੇਰੇ ਲਈ, ਇਹ ਮੇਰੀ ਸੇਵਾ ਹੈ, ਮੇਰਾ ਛੋਟਾ ਜਿਹਾ ਯੋਗਦਾਨ ਹੈ।

ਅਦਾਕਾਰ ਨੇ ਪੰਜਾਬ ਲਈ ਪ੍ਰਾਰਥਨਾ ਕੀਤੀ ਅਤੇ ਕਿਹਾ ਕਿ ਸੂਬਾ ਛੇਤੀ ਹੀ ਇਸ ਮੁਸ਼ਕਿਲ ‘ਚੋਂ ਬਾਹਰ ਆਵੇ ਅਤੇ ਪ੍ਰਭਾਵਿਤ ਪਰਿਵਾਰ ਦੁਬਾਰਾ ਆਮ ਜ਼ਿੰਦਗੀ ਜੀ ਸਕਣ। ਅਕਸ਼ੈ ਕੁਮਾਰ ਦੇ ਇਸ ਕਦਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।

Read More: ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਘਟਣ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਮਿਲੀ ਰਾਹਤ: ਹਰਜੋਤ ਬੈਂਸ

Scroll to Top