India 2047 roadmap

ਹੜ੍ਹਾਂ ‘ਚ ਲੋੜਵੰਦ ਬਜ਼ੁਰਗ ਪਰਿਵਾਰ ਸਮੇਤ ਆਰਜ਼ੀ ਬਿਰਧ ਆਸ਼ਰਮਾਂ ‘ਚ ਰਹਿ ਸਕਦੇ ਹਨ: ਡਾ. ਬਲਜੀਤ ਕੌਰ

ਚੰਡੀਗੜ੍ਹ, 05 ਸਤੰਬਰ 2025: ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਭਰ ‘ਚ ਹੜ੍ਹਾਂ ਕਾਰਨ ਹੋਈ ਤਬਾਹੀ ਦੌਰਾਨ ਬਜ਼ੁਰਗਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਪੰਜਾਬ ਸਰਕਾਰ ਵੱਲੋਂ ਕਦਮ ਚੁੱਕੇ ਗਏ ਹਨ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚੋਂ ਸੂਬੇ ਦੇ 479 ਬਜ਼ੁਰਗਾਂ ਦੀ ਪਛਾਣ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਸੋਸਾਇਟੀ ਦੀ ਮੱਦਦ ਨਾਲ ਬਜ਼ੁਰਗਾਂ ਦੀ ਮੱਦਦ ਕੀਤੀ ਜਾ ਰਹੀ ਹੈ।

ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਬਿਰਧ ਆਸ਼ਰਮਾਂ ‘ਚ ਲਗਭਗ 700 ਬਜ਼ੁਰਗਾਂ ਨੂੰ ਰੱਖਣ ਦੀ ਸਮਰੱਥਾ ਹੈ ਅਤੇ ਲੋੜਵੰਦ ਬਜ਼ੁਰਗ ਇਨ੍ਹਾਂ ਬਿਰਧ ਆਸ਼ਰਮਾਂ ‘ਚ ਪਨਾਹ ਲੈ ਸਕਦੇ ਹਨ। ਡਾ. ਬਲਜੀਤ ਕੌਰ ਨੇ ਕਿਹਾ ਕਿ ਬਿਰਧ ਆਸ਼ਰਮਾਂ ‘ਚ ਬਜ਼ੁਰਗਾਂ ਦੀ ਦੇਖਭਾਲ ਲਈ ਭੋਜਨ, ਸਿਹਤ ਜਾਂਚ, ਰਿਹਾਇਸ਼ ਅਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਹਨ ਤਾਂ ਜੋ ਉਨ੍ਹਾਂ ਨੂੰ ਘਰੇਲੂ ਮਾਹੌਲ ਮਿਲ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਕੋਈ ਵੀ ਬਜ਼ੁਰਗ ਵਿਅਕਤੀ ਇਕੱਲਾ ਜਾਂ ਦੁਖੀ ਮਹਿਸੂਸ ਨਾ ਕਰੇ।

ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਅੰਮ੍ਰਿਤਸਰ ਦੇ 15 ਪਿੰਡਾਂ ਤੋਂ 200 ਬਜ਼ੁਰਗਾਂ, ਗੁਰਦਾਸਪੁਰ ਦੇ 12 ਪਿੰਡਾਂ ਤੋਂ 112 ਬਜ਼ੁਰਗਾਂ, ਫਿਰੋਜ਼ਪੁਰ ਦੇ 4 ਪਿੰਡਾਂ ਤੋਂ 40 ਬਜ਼ੁਰਗਾਂ, ਹੁਸ਼ਿਆਰਪੁਰ ਦੇ 3 ਪਿੰਡਾਂ ਤੋਂ 14 ਬਜ਼ੁਰਗਾਂ, ਕਪੂਰਥਲਾ ਦੇ 7 ਪਿੰਡਾਂ ਤੋਂ 34 ਬਜ਼ੁਰਗਾਂ, ਤਰਨਤਾਰਨ ਦੇ 3 ਪਿੰਡਾਂ ਤੋਂ 50 ਬਜ਼ੁਰਗਾਂ, ਬਠਿੰਡਾ ਦੇ 2 ਪਿੰਡਾਂ ਤੋਂ 9 ਬਜ਼ੁਰਗਾਂ ਅਤੇ ਫਾਜ਼ਿਲਕਾ ਦੇ 3 ਪਿੰਡਾਂ ਤੋਂ 20 ਬਜ਼ੁਰਗਾਂ ਦੀ ਪਛਾਣ ਕੀਤੀ ਹੈ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅਪੀਲ ਕੀਤੀ ਕਿ ਜੇਕਰ ਕੋਈ ਬਜ਼ੁਰਗ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਕਰ ਰਿਹਾ ਹੈ, ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਬਿਰਧ ਆਸ਼ਰਮਾਂ ‘ਚ ਅਸਥਾਈ ਤੌਰ ‘ਤੇ ਰਹਿ ਸਕਦਾ ਹੈ।

Read More: ਹੜ੍ਹਾਂ ਪ੍ਰਭਾਵਿਤ ਇਲਾਕਿਆਂ ‘ਚ ਪੰਜਾਬ ਸਰਕਾਰ ਡਰੋਨਾਂ ਰਾਹੀਂ ਪਹੁੰਚਾ ਰਹੀ ਹੈ ਰਾਹਤ ਸਮੱਗਰੀ

Scroll to Top