ਪੰਜਾਬ, 04 ਸਤੰਬਰ 2025: ਪੰਜਾਬ ਦੇ ਕਈ ਇਲਾਕੇ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ। ਸੜਕ ਸੰਪਰਕ ਟੁੱਟਣ ਕਾਰਨ ਕਈ ਪਿੰਡਾਂ ‘ਚ ਲੋਕ ਫਸ ਗਏ ਸਨ। ਅਜਿਹੀ ਸਥਿਤੀ ‘ਚ ਪੰਜਾਬ ਸਰਕਾਰ ਨੇ ਤਕਨਾਲੋਜੀ ਦੀ ਵਰਤੋਂ ਕਰਕੇ ਡਰੋਨ ਰਾਹੀਂ ਰਾਹਤ ਸਮੱਗਰੀ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਿੱਥੇ ਸੜਕਾਂ ਬੰਦ ਹਨ ਅਤੇ ਕਿਸ਼ਤੀਆਂ ਨਹੀਂ ਜਾ ਸਕਦੀਆਂ, ਉੱਥੇ ਡਰੋਨ ਰਾਹੀਂ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਇਨ੍ਹਾਂ ਡਰੋਨਾਂ ਰਾਹੀਂ ਭੇਜੀਆਂ ਜਾ ਰਹੀਆਂ ਚੀਜ਼ਾਂ ‘ਚ ਸ਼ਾਮਲ ਹਨ।
ਸੁੱਕਾ ਰਾਸ਼ਨ, ਪੀਣ ਵਾਲਾ ਪਾਣੀ, ਦਵਾਈਆਂ, ਬੱਚਿਆਂ ਲਈ ਦੁੱਧ, ਬਜ਼ੁਰਗਾਂ ਲਈ ਦਵਾਈਆਂ, ਔਰਤਾਂ ਲਈ ਸੈਨੇਟਰੀ ਪੈਡ, ਟੋਰਚਾਂ ਅਤੇ ਹੋਰ ਜ਼ਰੂਰੀ ਚੀਜ਼ਾਂ ਆਦਿ ਸ਼ਾਮਲ ਹਨ। ਇਹ ਸੇਵਾ ਅੰਮ੍ਰਿਤਸਰ, ਗੁਰਦਾਸਪੁਰ, ਅਜਨਾਲਾ, ਫਾਜ਼ਿਲਕਾ ਅਤੇ ਪਠਾਨਕੋਟ ਵਰਗੇ ਪ੍ਰਭਾਵਿਤ ਖੇਤਰਾਂ ‘ਚ ਨਿਰੰਤਰ ਚੱਲ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਹਨ ਅਤੇ ਪ੍ਰਸ਼ਾਸਨ ਨੂੰ ਹਦਾਇਤ ਕਰ ਰਹੇ ਹਨ ਕਿ ਹਰ ਲੋੜਵੰਦ ਨੂੰ ਸਮੇਂ ਸਿਰ ਮੱਦਦ ਮਿਲੇ। ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਯੋਜਨਾਬੱਧ ਅਤੇ ਸਮੇਂ ਸਿਰ ਰਾਹਤ ਕਾਰਜ ਕਰਨ ਲਈ ਸਾਰੇ ਸਰੋਤਾਂ ਦੀ ਵਰਤੋਂ ਕੀਤੀ ਹੈ। ਡਰੋਨ ਰਾਹੀਂ ਰਾਹਤ ਸਮੱਗਰੀ ਪਹੁੰਚਾਉਣਾ ਸਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਉਪਰਾਲਾ ਸਾਬਤ ਹੋਇਆ ਹੈ।
ਪੰਜਾਬ ਪੁਲਿਸ, ਪ੍ਰਸ਼ਾਸਨ, ਮੈਡੀਕਲ ਟੀਮਾਂ, ਐਨਡੀਆਰਐਫ, ਆਮ ਆਦਮੀ ਪਾਰਟੀ ਦੇ ਵਰਕਰ ਅਤੇ ਸਥਾਨਕ ਲੋਕ ਰਾਹਤ ਕਾਰਜਾਂ ਲਈ ਦਿਨ-ਰਾਤ ਇਕੱਠੇ ਕੰਮ ਕਰ ਰਹੇ ਹਨ। ਗੁਰਦਾਸਪੁਰ ਅਤੇ ਪਠਾਨਕੋਟ ‘ਚ ਅਧਿਕਾਰੀ ਪਾਣੀ ‘ਚ ਉਤਰ ਕੇ ਮੈਡੀਕਲ ਕੈਂਪ ਚਲਾ ਰਹੇ ਹਨ। ਅਜਨਾਲਾ ‘ਚ ਪ੍ਰਸ਼ਾਸਨ ਟਰੈਕਟਰਾਂ ਅਤੇ ਕਿਸ਼ਤੀਆਂ ਰਾਹੀਂ ਰਾਹਤ ਸਮੱਗਰੀ ਵੰਡ ਰਿਹਾ ਹੈ।
ਪੰਜਾਬ ਸਰਕਾਰ ਮੁਤਾਬਕ ਬਹੁਤ ਸਾਰੇ ਡਰੋਨ 10 ਤੋਂ 15 ਕਿਲੋਮੀਟਰ ਤੱਕ ਉੱਡ ਰਹੇ ਹਨ ਅਤੇ ਉਨ੍ਹਾਂ ਥਾਵਾਂ ‘ਤੇ ਰਾਹਤ ਸਮੱਗਰੀ ਪਹੁੰਚਾ ਰਹੇ ਹਨ ਜਿੱਥੇ ਲੋਕ ਕਈ ਦਿਨਾਂ ਤੋਂ ਫਸੇ ਹੋਏ ਸਨ। ਇਹ ਸੇਵਾ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਸਰਕਾਰ ਦੀ ਕੁਸ਼ਲਤਾ ਅਤੇ ਸਮਾਜ ਦੇ ਸਹਿਯੋਗ ਦੀ ਇੱਕ ਉਦਾਹਰਣ ਹੈ।
Read More: ਪੰਜਾਬ ‘ਚ ਹੜ੍ਹਾਂ ਕਾਰਨ 1.75 ਲੱਖ ਹੈਕਟੇਅਰ ਫ਼ਸਲ ਹੋਈ ਤਬਾਹ