ਪੰਜਾਬ ਹੜ੍ਹ

ਕੁਲਤਾਰ ਸਿੰਘ ਸੰਧਵਾਂ ਵੱਲੋਂ ਹੜ੍ਹਾਂ ਦੇ ਮੱਦੇਨਜ਼ਰ PM ਮੋਦੀ ਤੋਂ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ

ਚੰਡੀਗੜ੍ਹ, 04 ਸਤੰਬਰ 2025: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਅਰਧ-ਸਰਕਾਰੀ ਪੱਤਰ ਲਿਖਿਆ ਹੈ ਤਾਂ ਜੋ ਪੰਜਾਬ ਰਾਜ ‘ਚ ਹਾਲ ਹੀ ‘ਚ ਆਏ ਵਿਨਾਸ਼ਕਾਰੀ ਹੜ੍ਹਾਂ ਵੱਲ ਉਨ੍ਹਾਂ ਦਾ ਧਿਆਨ ਦਿਵਾਇਆ ਜਾ ਸਕੇ।

ਪੰਜਾਬ ਵਿਧਾਨ ਸਭਾ ਦੇ ਮੁਖੀ ਹੋਣ ਦੇ ਨਾਤੇ, ਸਪੀਕਰ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਵਿਸ਼ੇਸ਼ ਰਾਹਤ ਪੈਕੇਜ ਜਾਰੀ ਕਰਨ ਅਤੇ ਪੰਜਾਬ ਲਈ 60,000 ਕਰੋੜ ਰੁਪਏ ਦੇ ਬਕਾਇਆ ਫੰਡ ਜਾਰੀ ਕਰਨ ਦੀ ਅਪੀਲ ਕੀਤੀ ਹੈ। ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪਹਿਲਾਂ ਹੀ ਭਾਰਤ ਸਰਕਾਰ ਨੂੰ ਬਕਾਇਆ ਫੰਡ ਜਾਰੀ ਕਰਨ ਲਈ ਬੇਨਤੀ ਕਰ ਚੁੱਕੇ ਹਨ।

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਇਸ ਆਫ਼ਤ ਨੇ ਨਾ ਸਿਰਫ਼ ਜਾਨ-ਮਾਲ ਅਤੇ ਪਸ਼ੂਆਂ ਦਾ ਭਾਰੀ ਨੁਕਸਾਨ ਕੀਤਾ ਹੈ, ਸਗੋਂ ਸੂਬੇ ਭਰ ਦੇ ਖੇਤ ਮਜ਼ਦੂਰਾਂ/ਉਦਯੋਗਿਕ ਕਾਮਿਆਂ, ਦੁਕਾਨਦਾਰਾਂ/ਪ੍ਰਚੂਨ ਵਿਕਰੇਤਾਵਾਂ ਅਤੇ ਉਦਯੋਗਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ।

ਉਨ੍ਹਾਂ ਨੇ ਕਿਹਾ ਕਿ ਸਥਿਤੀ ਬਹੁਤ ਗੰਭੀਰ ਹੈ, ਜੋ 1988 ਦੇ ਵਿਨਾਸ਼ਕਾਰੀ ਹੜ੍ਹਾਂ ਦੀ ਯਾਦ ਦਿਵਾਉਂਦੀ ਹੈ, ਜਦੋਂ ਮੋਹਲੇਧਾਰ ਮੀਂਹ ਕਾਰਨ ਰਾਵੀ, ਬਿਆਸ ਅਤੇ ਸਤਲੁਜ ਵਰਗੇ ਦਰਿਆਵਾਂ ਦਾ ਪਾਣੀ ਦਾ ਪੱਧਰ ਪਿਛਲੇ ਸਾਰੇ ਰਿਕਾਰਡ ਪਾਰ ਕਰ ਗਿਆ ਸੀ।

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਹਾਲੀਆ ਰਿਪੋਰਟਾਂ ਦੇ ਮੁਤਾਬਕ ਹੜ੍ਹਾਂ ਨੇ 29 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਪੰਜਾਬ ਭਰ ਦੇ 1300 ਤੋਂ ਵੱਧ ਪਿੰਡ ਪ੍ਰਭਾਵਿਤ ਕੀਤੇ ਹਨ। ਹਜ਼ਾਰਾਂ ਪਰਿਵਾਰ ਬੇਘਰ ਹੋ ਗਏ ਹਨ ਅਤੇ ਪ੍ਰਸ਼ਾਸਨ ਅਤੇ ਬਚਾਅ ਟੀਮਾਂ ਨੇ 14,000 ਲੋਕਾਂ ਨੂੰ ਬਾਹਰ ਕੱਢਿਆ ਹੈ।

ਇਸ ਤੋਂ ਇਲਾਵਾ, ਹੜ੍ਹਾਂ ਨੇ ਲਗਭਗ 3 ਲੱਖ ਏਕੜ ਵਿੱਚ ਖੜ੍ਹੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ ਅਤੇ ਖੇਤ ਆਉਣ ਵਾਲੇ ਸੀਜ਼ਨ ਲਈ ਵਰਤੋਂ ਯੋਗ ਨਹੀਂ ਰਹੇ। ਇਸ ਤੋਂ ਇਲਾਵਾ, ਅਣਗਿਣਤ ਪਸ਼ੂਆਂ ਦੀ ਮੌਤ ਹੋ ਗਈ ਹੈ, ਜਿਸ ਨਾਲ ਕਿਸਾਨ ਡੂੰਘੀ ਪ੍ਰੇਸ਼ਾਨੀ ‘ਚ ਹਨ ਅਤੇ ਉਨ੍ਹਾਂ ਦੀ ਆਰਥਿਕ ਤੰਗੀ ਆਪਣੇ ਸਿਖਰ ‘ਤੇ ਹੈ।

ਹਾਲ ਹੀ ‘ਚ ਆਏ ਹੜ੍ਹਾਂ ਨੇ ਪੰਜਾਬ ਦੇ ਉਦਯੋਗਾਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉਤਪਾਦਨ ਇਕਾਈਆਂ ਅਤੇ ਸਪਲਾਈ ਚੇਨਾਂ ਨੂੰ ਵਿਘਨ ਪਾਇਆ ਹੈ ਅਤੇ ਟੈਕਸਟਾਈਲ, ਐਗਰੋ-ਪ੍ਰੋਸੈਸਿੰਗ, ਇੰਜੀਨੀਅਰਿੰਗ, ਲੌਜਿਸਟਿਕਸ ਆਦਿ ਵਰਗੇ ਉਦਯੋਗਿਕ ਖੇਤਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ।

ਕੁਲਤਾਰ ਸਿੰਘ ਸੰਧਵਾਂ ਨੇ ਪ੍ਰਧਾਨ ਮੰਤਰੀ ਨੂੰ ਖੇਤੀਬਾੜੀ, ਪਸ਼ੂਧਨ, ਦੁਕਾਨਦਾਰਾਂ ਅਤੇ ਉਦਯੋਗਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਅਤੇ ਨੁਕਸਾਨੇ ਬੁਨਿਆਦੀ ਢਾਂਚੇ ਦੇ ਪੁਨਰ ਨਿਰਮਾਣ ਸਮੇਤ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ।

ਉਨ੍ਹਾਂ ਨੇ ਪੇਂਡੂ ਵਿਕਾਸ ਫੰਡ ਦੀਆਂ ਬਕਾਇਆ ਰਕਮਾਂ ਅਤੇ ਪੰਜਾਬ ਨੂੰ ਪੇਂਡੂ ਪੁਨਰਵਾਸ ਅਤੇ ਵਿਕਾਸ ਨੂੰ ਸਮਰੱਥ ਬਣਾਉਣ ਵਾਲੇ ਹੋਰ ਸਾਰੇ ਕੇਂਦਰੀ ਫੰਡ ਜਾਰੀ ਕਰਨ ‘ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ, ਬੈਂਕਾਂ/ਵਿੱਤੀ ਸੰਸਥਾਵਾਂ ਨੂੰ ਕਿਸਾਨਾਂ ਅਤੇ ਛੋਟੇ ਵਪਾਰੀਆਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ, ਜਿਵੇਂ ਕਿ ਕਰਜ਼ਿਆਂ ਦੀ ਅਦਾਇਗੀ ‘ਤੇ ਰੋਕ, ਕਰਜ਼ਿਆਂ ਦਾ ਮੁੜ ਸਮਾਂ-ਸਾਰਣੀ ਅਤੇ ਵਿਆਜ ਮੁਆਫ਼ੀ ਤਾਂ ਜੋ ਉਨ੍ਹਾਂ ਦੀ ਆਰਥਿਕ ਸਥਿਰਤਾ ਅਤੇ ਨਵੀਂ ਸ਼ੁਰੂਆਤ ਨੂੰ ਯਕੀਨੀ ਬਣਾਇਆ ਜਾ ਸਕੇ।

ਸਪੀਕਰ ਸੰਧਵਾਂ ਨੇ ਪ੍ਰਧਾਨ ਮੰਤਰੀ ਨੂੰ ਭਾਖੜਾ ਬਿਆਸ ਪ੍ਰਬੰਧਨ ਬੋਰਡ ‘ਚ ਪੰਜਾਬ ਦਾ ਪ੍ਰਬੰਧਨ ਕੋਟਾ ਵਧਾਉਣ ਅਤੇ ਮਹੱਤਵਪੂਰਨ ਜਲ ਸਰੋਤਾਂ ਅਤੇ ਹੜ੍ਹ ਪ੍ਰਤੀਕਿਰਿਆ ਦੇ ਪ੍ਰਬੰਧਨ ਅਤੇ ਤਾਲਮੇਲ ਲਈ ਪੰਜਾਬ ਕੇਡਰ ਦੇ ਅਧਿਕਾਰੀਆਂ ਦੀ ਨਿਯੁਕਤੀ ਨੂੰ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ।

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੌਜੂਦਾ ਬੀਮਾ ਪਾਲਿਸੀਆਂ ਕਿਸਾਨਾਂ ਦੀ ਬਜਾਏ ਬੀਮਾ ਕੰਪਨੀਆਂ ਨੂੰ ਲਾਭ ਪਹੁੰਚਾਉਂਦੀਆਂ ਹਨ ਅਤੇ ਇਸ ਲਈ ਇਨ੍ਹਾਂ ਨੂੰ ਬਦਲਣ ਅਤੇ ਪਿੰਡ ਪੱਧਰ ‘ਤੇ ਫਸਲ ਬੀਮਾ ਯੋਜਨਾਵਾਂ ਸ਼ੁਰੂ ਕਰਨ ਦੀ ਤੁਰੰਤ ਲੋੜ ਹੈ। ਉਨ੍ਹਾਂ ਕਿਸਾਨਾਂ ਲਈ ਵੀ ਜੋ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਧੀਨ ਰਜਿਸਟਰਡ ਨਹੀਂ ਹਨ, ਵਿਆਪਕ ਅਤੇ ਤੁਰੰਤ ਬੀਮਾ ਭੁਗਤਾਨ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਪੰਜਾਬ ਦੇ ਹੜ੍ਹਾਂ ਨੂੰ ਰਾਸ਼ਟਰੀ ਆਫ਼ਤ ਐਲਾਨਣ ‘ਤੇ ਜ਼ੋਰ ਦਿੱਤਾ ਤਾਂ ਜੋ ਜੰਗੀ ਪੱਧਰ ‘ਤੇ ਰਾਹਤ ਅਤੇ ਪੁਨਰਵਾਸ ਲਈ ਵੱਡੇ ਪੱਧਰ ‘ਤੇ ਕੇਂਦਰੀ ਸਰੋਤ ਅਤੇ ਕਾਨੂੰਨੀ ਸਹਾਇਤਾ ਉਪਲਬੱਧ ਕਰਵਾਈ ਜਾ ਸਕੇ।

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਇਸ ਸਮੇਂ ਇੱਕ ਵੱਡੀ ਆਫ਼ਤ ਦਾ ਸਾਹਮਣਾ ਕਰ ਰਿਹਾ ਹੈ ਅਤੇ ਹਮਦਰਦੀ ਭਰੇ ਦਖਲ ਅਤੇ ਦੇਸ਼ ਦੇ ਸਭ ਤੋਂ ਉੱਚ ਅਹੁਦੇ ‘ਤੇ ਭਰੋਸਾ ਕਰਦਾ ਹੈ। ਉਨ੍ਹਾਂ ਨੂੰ ਵਿਸ਼ਵਾਸ ਸੂਬੇ ਨੂੰ ਤੁਰੰਤ ਸਹਾਇਤਾ ਅਤੇ ਸਥਾਈ ਹੱਲ ਮਿਲੇਗਾ। ਸੰਧਵਾਂ ਨੇ ਉਮੀਦ ਪ੍ਰਗਟ ਕੀਤੀ ਕਿ ਇਸ ਮਾਮਲੇ ‘ਤੇ ਤੁਰੰਤ ਧਿਆਨ ਦਿੱਤਾ ਜਾਵੇਗਾ ਅਤੇ ਉੱਚ ਪੱਧਰ ‘ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।

Read More: ਪੰਜਾਬ ਅਨ-ਏਡਿਡ ਕਾਲਜ ਐਸੋਸੀਏਸ਼ਨ ਨੇ ਪੰਜਾਬ ‘ਚ ਹੜ੍ਹ ਰਾਹਤ ਕਾਰਜਾਂ ਲਈ ਦਿੱਤੇ 11 ਲੱਖ ਰੁਪਏ

Scroll to Top