ਚੰਡੀਗੜ੍ਹ, 03 ਸਤੰਬਰ 2025: ਪੰਜਾਬ ਦੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਲੁਧਿਆਣਾ ਪਹੁੰਚੇ। ਇਸ ਮੌਕੇ ਵੜਿੰਗ ਨੇ ਸਰਕਟ ਹਾਊਸ ਵਿਖੇ ਕਾਂਗਰਸੀਆਂ ਨਾਲ ਬੈਠਕ ਕੀਤੀ ਅਤੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ। ਇਸ ਮੌਕੇ ਰਾਜਾ ਵੜਿੰਗ ਨੇ ਕਾਂਗਰਸੀ ਵਰਕਰਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਮੱਦਦ ਲਈ ਛੇਤੀ ਤੋਂ ਛੇਤੀ ਪਹੁੰਚਣ ਦੇ ਹੁਕਮ ਦਿੱਤੇ ਹਨ।
ਅੱਜ ਉਨ੍ਹਾਂ ਨੇ ਲੁਧਿਆਣਾ ‘ਚ 5 ਮੈਂਬਰੀ ਕਮੇਟੀ ਵੀ ਬਣਾਈ ਹੈ, ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਸੇਵਾ ਕਰਨ ਲਈ ਕਾਂਗਰਸੀਆਂ ਦੇ ਵੱਖ-ਵੱਖ ਸਮੂਹ ਭੇਜੇਗੀ। ਸੰਸਦ ਮੈਂਬਰ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਪੰਜਾਬ ਦੇ ਨਾਲ ਖੜ੍ਹੇ ਹੋਣ ਦਾ ਸਮਾਂ ਹੈ। ਇਸ ਵੇਲੇ ਹੜ੍ਹਾਂ ਦੇ ਮੁੱਦੇ ਦੀ ਆਲੋਚਨਾ ਕਰਨਾ ਸਹੀ ਨਹੀਂ ਹੋਵੇਗਾ। ਪੰਜਾਬ ‘ਚ ਹਾਲਾਤ ਆਮ ਹੋਣ ਤੋਂ ਬਾਅਦ, ਅਸੀਂ ਹੜ੍ਹਾਂ ਦੇ ਅਸਲ ਕਾਰਨ ਬਾਰੇ ਸੋਚਾਂਗੇ।
ਇਸ ਵੇਲੇ ਪੂਰੀ ਕਾਂਗਰਸ ਸਰਕਾਰ ਦੇ ਨਾਲ ਖੜੀ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਜਿੱਥੇ ਵੀ ਸਰਕਾਰ ਨੂੰ ਸਾਡੀ ਲੋੜ ਹੈ, ਅਸੀਂ ਉਨ੍ਹਾਂ ਦੇ ਨਾਲ ਖੜੇ ਹਾਂ। ਅੱਜ ਰਾਜਨੀਤੀ ਕਰਨ ਦਾ ਨਹੀਂ ਸਗੋਂ ਆਪਣੇ ਲੋਕਾਂ ਨੂੰ ਬਚਾਉਣ ਦਾ ਸਮਾਂ ਹੈ। ਵੜਿੰਗ ਨੇ ਕਿਹਾ ਕਿ ਅੱਜ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਸਰਕਾਰ ਪੰਜਾਬ ਲਈ ਪੈਕੇਜ ਦਾ ਐਲਾਨ ਕਰੇ।
ਸਾਰੇ ਕਾਂਗਰਸੀ ਵਰਕਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਘਰਾਂ ‘ਚ ਨਾ ਬੈਠਣ। ਕੱਲ੍ਹ, ਅਸੀਂ ਕਾਂਗਰਸੀਆਂ ਨੇ ਫਿਰੋਜ਼ਪੁਰ ਲੋਕ ਸਭਾ ਲਈ 41 ਲੱਖ ਰੁਪਏ ਇਕੱਠੇ ਕੀਤੇ। ਉੱਥੋਂ ਦੇ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ 25 ਲੱਖ ਰੁਪਏ ਦਾਨ ਕੀਤੇ ਹਨ। ਇਸੇ ਤਰ੍ਹਾਂ ਅਸੀਂ ਲੁਧਿਆਣਾ ਲਈ ਵੀ ਲਗਭਗ 25 ਲੱਖ ਰੁਪਏ ਇਕੱਠੇ ਕੀਤੇ ਹਨ।
Read More: ਹੜ੍ਹਾਂ ਦੀ ਮਾਰ ਹੇਠਲੇ ਇਲਾਕਿਆਂ ‘ਚ ਕੈਬਨਿਟ ਮੰਤਰੀਆਂ ਦਾ ਦੌਰਾ




