ਚੰਡੀਗੜ੍ਹ, 29 ਅਗਸਤ 2025: ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਸੁਰੱਖਿਆ ਅਤੇ ਰਾਹਤ ਲਈ ਤੁਰੰਤ ਅਤੇ ਢੁਕਵੇਂ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਜਾਨਾਂ ਬਚਾਉਣਾ ਅਤੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਸਮੇਂ ਪੰਜਾਬ ‘ਚ 41 ਬਿਰਧ ਆਸ਼ਰਮ ਕੰਮ ਕਰ ਰਹੇ ਹਨ, ਜਿਨ੍ਹਾਂ ਦੀ ਕੁੱਲ ਸਮਰੱਥਾ 572 ਬਜ਼ੁਰਗਾਂ ਨੂੰ ਰੱਖਣ ਦੀ ਹੈ। ਇਸ ਨੂੰ ਵਧਾ ਕੇ 700 ਕੀਤਾ ਜਾ ਰਿਹਾ ਹੈ। ਹੜ੍ਹ ਪ੍ਰਭਾਵਿਤ ਬਜ਼ੁਰਗਾਂ ਨੂੰ ਇਨ੍ਹਾਂ ਬਿਰਧ ਆਸ਼ਰਮ ‘ਚ ਸੁਰੱਖਿਅਤ ਰਿਹਾਇਸ਼, ਭੋਜਨ, ਕੱਪੜੇ, ਦਵਾਈਆਂ ਅਤੇ ਨਿਯਮਤ ਸਿਹਤ ਜਾਂਚ ਪ੍ਰਦਾਨ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਬਾਲ ਸੁਰੱਖਿਆ ਅਫ਼ਸਰ ਅਤੇ ਆਂਗਣਵਾੜੀ ਵਰਕਰਾਂ ਦੀਆਂ ਟੀਮਾਂ ਬਜ਼ੁਰਗਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਣ ਲਈ ਤਾਇਨਾਤ ਕੀਤੀਆਂ ਹਨ। ਸਰਕਾਰ ਨੇ ਨਿਰਦੇਸ਼ ਦਿੱਤੇ ਹਨ ਕਿ ਪੰਜਾਬ ਦੇ ਸਾਰੇ ਬਿਰਧ ਘਰਾਂ ਨੂੰ ਅਸਥਾਈ ਆਸਰਾ ਘਰਾਂ ਵਜੋਂ ਵਰਤਿਆ ਜਾਵੇ।
ਬੱਚਿਆਂ ਲਈ ਵਿਸ਼ੇਸ਼ ਉਪਾਅ
ਡਾ. ਬਲਜੀਤ ਕੌਰ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਆਂਗਣਵਾੜੀ ਕੇਂਦਰਾਂ ਨੂੰ ਬੱਚਿਆਂ ਲਈ ਸੁਰੱਖਿਅਤ ਥਾਵਾਂ ਵਜੋਂ ਤਿਆਰ ਕੀਤਾ ਹੈ। ਇਨ੍ਹਾਂ ਕੇਂਦਰਾਂ ਰਾਹੀਂ ਖਿਚੜੀ, ਦਲੀਆ ਅਤੇ ਹੋਰ ਤੁਰੰਤ ਭੋਜਨ ਉਪਲਬਧ ਕਰਵਾਇਆ ਜਾਵੇਗਾ।
ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਵੀ ਇਸ ਯੋਜਨਾ ‘ਚ ਸ਼ਾਮਲ ਕੀਤਾ ਗਿਆ ਹੈ। ਬੱਚਿਆਂ ਨਾਲ ਸਬੰਧਤ ਐਮਰਜੈਂਸੀ ਲਈ 1098 ਹੈਲਪਲਾਈਨ ਨੰਬਰ 24 ਘੰਟੇ ਚਾਲੂ ਰਹੇਗਾ।
ਔਰਤਾਂ ਲਈ ਸਹੂਲਤਾਂ
ਕੈਬਿਨਟ ਮੰਤਰੀ ਨੇ ਕਿਹਾ ਕਿ ‘ਸਖੀ ਵਨ ਸਟਾਪ ਸੈਂਟਰਾਂ’ ‘ਚ ਗਰਭਵਤੀ ਅਤੇ ਲੋੜਵੰਦ ਔਰਤਾਂ ਲਈ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ, ਹੜ੍ਹ ਪ੍ਰਭਾਵਿਤ ਔਰਤਾਂ ਨੂੰ ਮੁਫ਼ਤ ਸੈਨੇਟਰੀ ਪੈਡ ਪ੍ਰਦਾਨ ਕੀਤੇ ਜਾਣਗੇ।
ਹੈਲਪਲਾਈਨ ਸਹੂਲਤਾਂ
ਡਾ. ਬਲਜੀਤ ਕੌਰ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਵੱਖ-ਵੱਖ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ :-
ਬੱਚਿਆਂ ਲਈ: 1098
ਔਰਤਾਂ ਲਈ: 181
ਬਜ਼ੁਰਗਾਂ ਲਈ: 14567
ਮੁੱਖ ਮੰਤਰੀ ਹੈਲਪਲਾਈਨ: 01812240064
ਇਹ ਸਾਰੀਆਂ ਹੈਲਪਲਾਈਨਾਂ 24 ਘੰਟੇ ਸਰਗਰਮ ਰਹਿਣਗੀਆਂ ਅਤੇ ਹਰ ਕਾਲ ‘ਤੇ ਤੁਰੰਤ ਧਿਆਨ ਦਿੱਤਾ ਜਾਵੇਗਾ। ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਦੌਰਾਨ ਲੋਕਾਂ ਨੂੰ ਨਾ ਸਿਰਫ਼ ਸੁਰੱਖਿਅਤ ਥਾਵਾਂ ‘ਤੇ ਲਿਜਾ ਰਹੀ ਹੈ, ਸਗੋਂ ਹੜ੍ਹਾਂ ਤੋਂ ਬਾਅਦ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮੱਦਦ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।
Read More: ਪੰਜਾਬ ਸਰਕਾਰ ਦਾ ਹੈਲੀਕਾਪਟਰ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਤਾਇਨਾਤ, ਵੰਡੀ ਰਾਹਤ ਸਮੱਗਰੀ