ਹਰਭਜਨ ਤੇ ਸ਼੍ਰੀਸੰਤ ਦੇ ਥੱਪੜ ਘਟਨਾ

ਹਰਭਜਨ ਸਿੰਘ ਤੇ ਸ਼੍ਰੀਸੰਤ ਦੇ ਥੱਪੜ ਘਟਨਾ ਦਾ ਵੀਡੀਓ ਆਇਆ ਸਾਹਮਣੇ, ਲਲਿਤ ਮੋਦੀ ਨੇ ਸਾਂਝੀ ਕੀਤੀ ਵੀਡੀਓ

ਸਪੋਰਟਸ, 29 ਅਗਸਤ 2025: ਇੰਡੀਅਨ ਪ੍ਰੀਮੀਅਰ ਲੀਗ (IPL) ਨੇ 17 ਸਾਲਾਂ ‘ਚ ਦੁਨੀਆ ਦੀ ਸਭ ਤੋਂ ਵੱਡੀ ਅਤੇ ਅਮੀਰ ਕ੍ਰਿਕਟ ਲੀਗ ਦਾ ਦਰਜਾ ਪ੍ਰਾਪਤ ਕਰ ਲਿਆ ਹੈ, ਪਰ 2008 ‘ਚ ਆਪਣੇ ਪਹਿਲੇ ਸੀਜ਼ਨ ‘ਚ ਇੱਕ ਵੱਡਾ ਵਿਵਾਦ ਹੋਇਆ ਸੀ। ਉਸ ਸਮੇਂ ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ ਹਰਭਜਨ ਸਿੰਘ ਨੇ ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀ ਸ਼੍ਰੀਸੰਤ ਨੂੰ ਮੈਦਾਨ ‘ਚ ਥੱਪੜ ਮਾਰ ਦਿੱਤਾ ਸੀ।

ਇਹ ਘਟਨਾ ਲੰਮੇ ਸਮੇਂ ਤੱਕ ਖ਼ਬਰਾਂ ‘ਚ ਰਹੀ, ਹੁਣ ਇਸ ਘਟਨਾ ਦੀ ਅਸਲ ਵੀਡੀਓ ਸਾਹਮਣੇ ਆਈ ਹੈ। ਆਈਪੀਐਲ ਦੇ ਸੰਸਥਾਪਕ ਅਤੇ ਸਾਬਕਾ ਚੇਅਰਮੈਨ ਲਲਿਤ ਮੋਦੀ ਨੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਦੇ ਪੋਡਕਾਸਟ ‘ਚ ਪਹਿਲੀ ਵਾਰ ਇਹ ਫੁਟੇਜ ਦਿਖਾਈ ਹੈ। ਲਲਿਤ ਮੋਦੀ ਨੇ ਕਿਹਾ ਕਿ ਇਹ ਵੀਡੀਓ ਪਹਿਲਾਂ ਕਦੇ ਜਨਤਕ ਨਹੀਂ ਕੀਤਾ ਗਿਆ ਸੀ।ਲਲਿਤ ਮੋਦੀ ਨੇ ਕਿਹਾ ਕਿ ਸ਼੍ਰੀਸੰਤ ਨੂੰ ਪੁੱਠੇ ਹੱਥ ਨਾਲ ਥੱਪੜ ਮਾਰਿਆ ਗਿਆ ਸੀ |

ਸਾਬਕਾ ਚੇਅਰਮੈਨ ਅਤੇ ਸੰਸਥਾਪਕ ਲਲਿਤ ਮੋਦੀ ਨੇ ਇੱਕ ਇੰਟਰਵਿਊ ‘ਚ ਦੱਸਿਆ ਕਿ ਇਹ ਘਟਨਾ ਮੈਚ ਖਤਮ ਹੋਣ ਤੋਂ ਬਾਅਦ ਵਾਪਰੀ, ਜਦੋਂ ਕੈਮਰੇ ਬੰਦ ਸਨ। ਪਰ ਉਨ੍ਹਾਂ ਦੇ ਇੱਕ ਸੁਰੱਖਿਆ ਕੈਮਰੇ ਨੇ ਪੂਰੀ ਘਟਨਾ ਨੂੰ ਰਿਕਾਰਡ ਕਰ ਲਿਆ ਸੀ।

ਫੁਟੇਜ ‘ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਹਰਭਜਨ ਸਿੰਘ ਨੇ ਸ਼੍ਰੀਸੰਤ ਨੂੰ ਥੱਪੜ ਮਾਰਿਆ। ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਵੀਡੀਓ ਇੰਨੇ ਸਾਲਾਂ ਤੱਕ ਜਾਰੀ ਨਹੀਂ ਕੀਤਾ ਸੀ, ਪਰ ਹੁਣ ਲਗਭਗ 18 ਸਾਲਾਂ ਬਾਅਦ ਇਸਨੂੰ ਜਨਤਕ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੇ ਖੁਲਾਸੇ ਤੋਂ ਬਾਅਦ, ‘ਸਲੈਪਗੇਟ’ ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਹ ਉਸ ਸਮੇਂ ਦੀ ਸਭ ਤੋਂ ਵੱਡੀ ਵਿਵਾਦਪੂਰਨ ਘਟਨਾ ਸੀ, ਜਿਸਦਾ ਖਿਡਾਰੀਆਂ ਦੀ ਛਵੀ ‘ਤੇ ਡੂੰਘਾ ਪ੍ਰਭਾਵ ਪਿਆ।

ਹਾਲ ਹੀ ‘ਚ ਹਰਭਜਨ ਸਿੰਘ ਨੇ ਇਸ ਘਟਨਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਟੀਮ ਇੰਡੀਆ ਦੇ ਤਜਰਬੇਕਾਰ ਸਪਿਨਰ ਨੇ ਰਵੀਚੰਦਰਨ ਅਸ਼ਵਿਨ ਨਾਲ ਇੱਕ ਇੰਟਰਵਿਊ ‘ਚ ਕਿਹਾ ਕਿ ਮੇਰੀ ਜ਼ਿੰਦਗੀ ਦਾ ਇੱਕ ਅਜਿਹਾ ਪਲ ਜਿਸਨੂੰ ਮੈਂ ਬਦਲਣਾ ਚਾਹੁੰਦਾ ਹਾਂ ਉਹ ਹੈ ਸ਼੍ਰੀਸੰਤ ਨੂੰ ਥੱਪੜ ਮਾਰਨ ਦੀ ਘਟਨਾ।

ਜੇਕਰ ਮੈਨੂੰ ਮੌਕਾ ਮਿਲਿਆ, ਤਾਂ ਮੈਂ ਇਸਨੂੰ ਆਪਣੀ ਜ਼ਿੰਦਗੀ ਤੋਂ ਹਟਾ ਦੇਵਾਂਗਾ। ਜੋ ਹੋਇਆ ਉਹ ਗਲਤ ਸੀ ਅਤੇ ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਮੈਂ ਇਸ ਲਈ ਸੈਂਕੜੇ ਵਾਰ ਮੁਆਫੀ ਮੰਗੀ। ਅੱਜ ਵੀ, ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ, ਮੈਂ ਮੁਆਫੀ ਮੰਗਦਾ ਹਾਂ। ਇਹ ਮੇਰੀ ਸਭ ਤੋਂ ਵੱਡੀ ਗਲਤੀ ਸੀ।

ਜਿਕਰਯੋਗ ਹੈ ਕਿ ਇਹ ਘਟਨਾ 2008 ਦੇ ਉਸ ਸੀਜ਼ਨ ‘ਚ ਮੁੰਬਈ ਇੰਡੀਅਨਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਕਾਰ ਮੈਚ ਤੋਂ ਬਾਅਦ ਵਾਪਰੀ ਸੀ। ਮੈਦਾਨ ‘ਤੇ ਸਾਰਿਆਂ ਦੇ ਸਾਹਮਣੇ ਸ਼੍ਰੀਸੰਤ ਦੇ ਰੋਂਦੇ ਹੋਏ ਤਸਵੀਰਾਂ ਅਤੇ ਵੀਡੀਓਜ਼ ਨੇ ਕ੍ਰਿਕਟ ਜਗਤ ‘ਚ ਬਹੁਤ ਸੁਰਖੀਆਂ ਬਟੋਰੀਆਂ ਸਨ। ਹਰਭਜਨ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਪੂਰੇ ਆਈਪੀਐਲ ਤੋਂ ਪਾਬੰਦੀ ਲਗਾ ਦਿੱਤੀ ਸੀ ਅਤੇ ਉਸਦੀ ਮੈਚ ਫੀਸ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ।

Read More: ਭਾਰਤੀ ਟੀਮ ਨੂੰ ਏਸ਼ੀਆ ਕੱਪ ‘ਚ ਪਾਕਿਸਤਾਨ ਨਾਲ ਮੈਚ ਨਹੀਂ ਖੇਡਣਾ ਚਾਹੀਦਾ: ਹਰਭਜਨ ਸਿੰਘ

Scroll to Top