Zameena Chak 35 Diyan

ਪੰਜਾਬੀ ਵੈੱਬ ਸੀਰੀਜ਼ “ਜ਼ਮੀਨਾ ਚੱਕ 35 ਦੀਆਂ” ਦਾ ਟ੍ਰੇਲਰ ਹੋਇਆ ਰਿਲੀਜ਼

ਚੰਡੀਗੜ੍ਹ, 29 ਅਗਸਤ 2025: ਪੰਜਾਬੀ ਵੈੱਬ ਸੀਰੀਜ਼ “ਜ਼ਮੀਨਾ ਚੱਕ 35 ਦਿਆਂ” ਦਾ ਟ੍ਰੇਲਰ BARREL RECORDS ਵੱਲੋਂ ਚੰਡੀਗੜ੍ਹ ‘ਚ ਇੱਕ ਖ਼ਾਸ ਪ੍ਰੈਸ ਕਾਨਫ਼ਰੰਸ ਦੌਰਾਨ ਰਿਲੀਜ਼ ਕੀਤਾ । ਇਸ ਮੌਕੇ ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ, ਭੁਪਿੰਦਰ ਸਿੰਘ ਬਾਠ (ਕਮਿਸ਼ਨਰ), ਹਰਿੰਦਰ ਸਿੰਘ ਧਾਲੀਵਾਲ (ਹਲਕਾ ਇੰਚਾਰਜ ਬਰਨਾਲਾ), ਪਰਮਿੰਦਰ ਸਿੰਘ ਭੰਗੂ (ਜ਼ਿਲ੍ਹਾ ਪ੍ਰਧਾਨ ਬਰਨਾਲਾ), ਰਾਮ ਤੀਰਥ ਮੰਨਾ (ਚੇਅਰਮੈਨ), ਜੱਸੀ ਸੋਹੀਆਂ (ਚੇਅਰਮੈਨ, ਇੰਪਰੂਵਮੈਂਟ ਟਰਸਟ) ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਪੰਮੀ ਬਾਈ ਅਤੇ ਸਾਰੀ ਸਟਾਰ ਕਾਸਟ ਨੇ ਸ਼ਮੂਲੀਅਤ ਕੀਤੀ ਅਤੇ ਮੀਡੀਆ ਨਾਲ ਵਿਚਾਰ ਸਾਂਝੇ ਕੀਤੇ |

ਵੈੱਬ ਸੀਰੀਜ਼ ਅਮਨਿੰਦਰ ਢਿੰਡਸਾ ਦੁਆਰਾ ਨਿਰਦੇਸ਼ਿਤ ਅਤੇ ਗਿਆਨਜੋਤ ਢਿੰਡਸਾ, ਜੱਸ ਧਾਲੀਵਾਲ, ਕੁਲਦੀਪ ਧਾਲੀਵਾਲ, ਇੰਦਰਜੀਤ ਧਾਲੀਵਾਲ ਅਤੇ ਮਨੀ ਧਾਲੀਵਾਲ ਦੁਆਰਾ ਪ੍ਰੋਡਿਊਸ ਕੀਤਾ ਹੈ। ਕਹਾਣੀਕਾਰ “ਸਰਕਾਰ” ਨੇ ਆਪਣੀ ਲਿਖਤ ਰਾਹੀਂ ਪੰਜਾਬ ਦੀ ਮਿੱਟੀ ਅਤੇ ਇਸਦੇ ਸੰਘਰਸ਼ ਨੂੰ ਬੜੀ ਖ਼ਰਾਸ਼ਤ ਨਾਲ ਪੇਸ਼ ਕੀਤਾ ਹੈ।

ਵੈੱਬ ਸੀਰੀਜ਼ ਦੇ ਟ੍ਰੇਲਰ ‘ਚ ਦਰਸਾਇਆ ਗਿਆ ਕਿ ਕਿਸ ਤਰ੍ਹਾਂ ਇੱਕ ਲਾਲਚੀ ਵਪਾਰੀ ਰਿਫ਼ਾਈਨਰੀ ਪ੍ਰੋਜੈਕਟ ਲਈ ਜ਼ਮੀਨ ਦੇਣ ਦਾ ਵਾਅਦਾ ਕਰਦਾ ਹੈ ਅਤੇ ਪਿੰਡ ਵਾਸੀਆਂ ਨੂੰ ਆਪਣੀ ਜ਼ਮੀਨ ਛੱਡਣ ਲਈ ਮਜ਼ਬੂਰ ਕਰਦਾ ਹੈ। ਡਰ ਅਤੇ ਹਿੰਸਾ ਰਾਹੀਂ ਜਦੋਂ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਕਿਸਾਨਾਂ ਦੀ ਇੱਕ ਟੋਲੀ ਡਟ ਕੇ ਵਿਰੋਧ ਕਰਦੀ ਹੈ।

ਇਸ ਵੈੱਬ ਸੀਰੀਜ਼ ਵਿੱਚ ਬੂਟਾ ਬਡਬਰ, ਕਿਰਨ ਬਰਾੜ, ਗੁਰਸੇਵਕ ਮੰਡੇਰ, ਪੰਮੀ ਬਾਈ, ਗੁਰਿੰਦਰ ਮਕਣਾ, ਸੱਨੀ ਗਿੱਲ, ਜੱਸ ਦਿਓਲ, ਜਸ਼ਨਜੀਤ ਗੋਸ਼ਾ, ਭਾਰਤੀ ਦੱਤ, ਮਨਦੀਪ ਧਾਮੀ, ਅਵਨੀਤ ਕੌਰ, ਅਰੁਨਦੀਪ ਸਿੰਘ ਅਤੇ ਕੁਲਦੀਪ ਸਿੱਧੂ ਆਪਣੇ ਅਦਾਕਾਰੀ ਨਾਲ ਕਹਾਣੀ ‘ਚ ਜਾਨ ਪਾਉਂਦੇ ਹਨ।

10 ਸਤੰਬਰ ਨੂੰ ਰਿਲੀਜ਼ ਹੋ ਰਹੀ “ਜ਼ਮੀਨਾ ਚੱਕ 35 ਦਿਆਂ” ਆਪਣੀ ਕਹਾਣੀ, ਮਜ਼ਬੂਤ ਅਦਾਕਾਰੀ ਅਤੇ ਭਾਵਨਾਤਮਕ ਗਹਿਰਾਈ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਝੰਝੋੜੇਗੀ। ਪ੍ਰੋਡਿਊਸਰਾਂ ਨੇ ਸਾਂਝਾ ਕੀਤਾ, “ਜ਼ਮੀਨਾ ਚੱਕ 35 ਦਿਆਂ ਰਾਹੀਂ ਸਾਡਾ ਮਕਸਦ ਇੱਕ ਅਜਿਹੀ ਕਹਾਣੀ ਪੇਸ਼ ਕਰਨਾ ਸੀ ਜੋ ਪੰਜਾਬ ਦੀ ਮਿੱਟੀ ਅਤੇ ਲੋਕਾਂ ਦੇ ਦਿਲਾਂ ਨਾਲ ਡੂੰਘੀ ਜੁੜੀ ਹੋਈ ਹੈ।

ਇਹ ਸਿਰਫ ਮਨੋਰੰਜਨ ਨਹੀਂ, ਸਗੋਂ ਕਿਸਾਨਾਂ ਦੇ ਹੌਸਲੇ, ਲਾਲਚ ਦੇ ਖ਼ਿਲਾਫ਼ ਖੜ੍ਹੇ ਹੋਣ ਅਤੇ ਬਲੀਦਾਨ ਦੀ ਤਸਵੀਰ ਹੈ। ਹਰ ਕਿਰਦਾਰ ਅਤੇ ਹਰ ਸੀਨ ਹਕੀਕਤ ਨਾਲ ਜੁੜਿਆ ਹੋਇਆ ਹੈ।

ਇਸ ਬਾਰੇ ਪੰਮੀ ਬਾਈ ਨੇ ਕਿਹਾ ਕਿ ਇਹ ਸਿਰਫ਼ ਇੱਕ ਵੈੱਬ ਸੀਰੀਜ਼ ਨਹੀਂ, ਸਗੋਂ ਇਹ ਪੰਜਾਬ ਦੇ ਖੇਤਾਂ ਦੀ ਅਵਾਜ਼ ਅਤੇ ਲੋਕਾਂ ਦੀ ਰੂਹ ਹਨ। ਇਸ ‘ਚ ਸਾਡੇ ਜਵਾਨਾਂ ਦੀ ਬਹਾਦਰੀ ਅਤੇ ਕਿਸਾਨਾਂ ਦੀ ਅਟੱਲ ਇੱਛਾ ਸ਼ਕਤੀ ਦਰਸਾਈ ਹੈ ਜੋ ਆਪਣੇ ਅਧਿਕਾਰਾਂ ਲਈ ਲੜਦੇ ਹਨ। ਇਸ ਲਾਂਚ ਦਾ ਹਿੱਸਾ ਬਣ ਕੇ ਮੈਨੂੰ ਟੀਮ ਦੀ ਸੱਚਾਈ ਅਤੇ ਜਜ਼ਬੇ ਦਾ ਅਹਿਸਾਸ ਹੋਇਆ। ਮੈਨੂੰ ਯਕੀਨ ਹੈ ਕਿ ਇਹ ਦਰਸ਼ਕਾਂ ਨੂੰ ਪ੍ਰੇਰਿਤ ਕਰੇਗੀ ਅਤੇ ਉਨ੍ਹਾਂ ਨੂੰ ਏਕਤਾ ਅਤੇ ਸੱਚਾਈ ਦੀ ਤਾਕਤ ਯਾਦ ਦਿਵਾਏਗੀ।”

Read More: ਪੰਜਾਬੀ ਗਾਇਕ ਮਨਕੀਰਤ ਔਲਖ ਤੇ ਪਰਿਵਾਰ ਨੂੰ ਮੈਸੇਜ ਰਾਹੀਂ ਮਿਲੀ ਧਮਕੀ

Scroll to Top