Punjab flood News

ਪੰਜਾਬ ਦੇ ਕਈਂ ਜ਼ਿਲ੍ਹੇ ਹੜ੍ਹਾਂ ਦੀ ਲਪੇਟ ‘ਚ, ਪੌਂਗ ਡੈਮ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਪਾਰ

ਪੰਜਾਬ, 28 ਅਗਸਤ 2025: Punjab flood News: ਭਾਰੀ ਮੀਂਹ ਅਤੇ ਡੈਮਾਂ ਤੋਂ ਲਗਾਤਾਰ ਪਾਣੀ ਛੱਡਣ ਕਾਰਨ ਪੰਜਾਬ ਦੇ 7 ਜ਼ਿਲ੍ਹੇ ਹੜ੍ਹਾਂ ਦੀ ਲਪੇਟ ‘ਚ ਹਨ | ਇਨ੍ਹਾਂ ‘ਚ ਕਈਂ ਪਿੰਡ ਪ੍ਰਭਾਵਿਤ ਹੋਏ ਹਨ | ਮਾਧੋਪੁਰ ‘ਚ 2 ਅਤੇ ਗੁਰਦਾਸਪੁਰ ‘ਚ 1 ਵਿਅਕਤੀ ਪਾਣੀ ‘ਚ ਡੁੱਬਣ ਕਾਰਨ ਮਰ ਗਿਆ। ਪਠਾਨਕੋਟ ‘ਚ ਗੁੱਜਰ ਪਰਿਵਾਰ ਦੇ 4 ਜੀਅ ਲਾਪਤਾ ਦੱਸੇ ਜਾ ਰਹੇ ਹਨ।

ਪੰਜਾਬ ‘ਚ ਹੜ੍ਹ ਕਾਰਨ ਸਭ ਤੋਂ ਖ਼ਰਾਬ ਸਥਿਤੀ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ‘ਚ ਹੈ। ਇੱਥੇ 150 ਤੋਂ ਵੱਧ ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਅਤੇ ਕਈ ਇਲਾਕਿਆਂ ‘ਚ 5 ਤੋਂ 7 ਫੁੱਟ ਪਾਣੀ ਹੈ।

ਫਿਰੋਜ਼ਪੁਰ ‘ਚ 2000 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਅਤੇ ਰਾਹਤ ਕੈਂਪਾਂ ‘ਚ ਲਿਜਾਇਆ ਗਿਆ। ਫੌਜ, ਐਨਡੀਆਰਐਫ, ਪੁਲਿਸ ਅਤੇ ਹੋਰ ਏਜੰਸੀਆਂ ਰਾਹਤ ਅਤੇ ਬਚਾਅ ਕਾਰਜਾਂ ‘ਚ ਲੱਗੀਆਂ ਹੋਈਆਂ ਹਨ। ਹੜ੍ਹ ਪ੍ਰਭਾਵਿਤ ਖੇਤਰ ‘ਚ ਜ਼ਮੀਨੀ ਅਤੇ ਪਾਣੀ ਦੇ ਵਾਹਨ ਉਤਾਰੇ ਗਏ ਹਨ।

ਇਸਦੇ ਨਾਲ ਹੀ ਅਜਨਾਲਾ, ਅੰਮ੍ਰਿਤਸਰ ‘ਚ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਗਿਣਤੀ 15 ਤੋਂ ਵੱਧ ਹੋ ਗਈ ਹੈ। ਇੱਥੇ ਬਚਾਅ ਕਾਰਜ ਜਾਰੀ ਹੈ। ਰਾਵੀ ਦੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਵਾਧਾ ਹੋਣ ਕਾਰਨ ਅੰਮ੍ਰਿਤਸਰ ਦੇ ਕੁਝ ਪਿੰਡਾਂ ਨੂੰ ਖਾਲੀ ਕਰਵਾਇਆ ਗਿਆ ਹੈ |

ਹਿਮਾਚਲ ਅਤੇ ਜੰਮੂ ‘ਚ ਮੀਂਹ ਕਾਰਨ ਤਲਵਾੜਾ ਪੋਂਗ ਡੈਮ ਦਾ ਪਾਣੀ ਦਾ ਪੱਧਰ 1390 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਤੋਂ ਵੱਧ ਕੇ 1396 ਫੁੱਟ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਬੀਬੀਐਮਬੀ ਨੇ ਫੈਸਲਾ ਕੀਤਾ ਹੈ ਕਿ ਅੱਜ ਦੁਪਹਿਰ 2 ਵਜੇ ਬਿਆਸ ਨਦੀ ‘ਚ 1 ਲੱਖ 10 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ। ਇਸ ਲਈ ਹਿਮਾਚਲ ਅਤੇ ਪੰਜਾਬ ਦੇ ਸਾਰੇ ਪਿੰਡਾਂ ‘ਚ ਹਾਈ ਅਲਰਟ ਜਾਰੀ ਕੀਤਾ ਹੈ।

ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਵੀ 527 ਫੁੱਟ ਦੇ ਖ਼ਤਰੇ ਦੇ ਨਿਸ਼ਾਨ ‘ਤੇ ਪਹੁੰਚ ਗਿਆ ਹੈ। ਹਾਲਾਂਕਿ ਇਹ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ, ਪਰ ਇਸਦੇ 4 ਗੇਟ ਖੋਲ੍ਹ ਦਿੱਤੇ ਗਏ ਹਨ। ਬੁੱਧਵਾਰ ਨੂੰ ਰਾਵੀ ਨਦੀ ‘ਤੇ ਬਣੇ ਮਾਧੋਪੁਰ ਹੈੱਡਵਰਕਸ ਦਾ ਗੇਟ ਟੁੱਟ ਗਿਆ। ਇਸ ਦੇ ਨਾਲ ਹੀ ਪਠਾਨਕੋਟ-ਜੰਮੂ ਹਾਈਵੇਅ ‘ਤੇ ਵੀ ਪਾਣੀ ਭਰਨ ਕਾਰਨ ਆਵਾਜਾਈ ‘ਚ ਵਿਘਨ ਪਿਆ ਹੈ।

Read More: ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਦਾ ਫਲੱਡ ਗੇਟ ਟੁੱਟਿਆ, ਰੈਸਕਿਊ ਲਈ ਸੱਦਿਆ ਹੈਲੀਕਾਪਟਰ

Scroll to Top