Madhopur Dam Collapses

ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਦਾ ਫਲੱਡ ਗੇਟ ਟੁੱਟਿਆ, ਰੈਸਕਿਊ ਲਈ ਸੱਦਿਆ ਹੈਲੀਕਾਪਟਰ

ਪਠਾਨਕੋਟ, 27 ਅਗਸਤ 2025: ਭਾਰੀ ਮੀਂਹ ਅਤੇ ਡੈਮਾਂ ਤੋਂ ਲਗਾਤਾਰ ਪਾਣੀ ਛੱਡੇ ਜਾਣ ਕਾਰਨ ਪੰਜਾਬ ਦੇ 7 ਜ਼ਿਲ੍ਹੇ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ। ਬੁੱਧਵਾਰ ਸ਼ਾਮ ਨੂੰ ਰਾਵੀ ਦਰਿਆ ਦੇ ਵਧ ਰਹੇ ਪਾਣੀ ਦੇ ਪੱਧਰ ਕਾਰਨ ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਦਾ ਫਲੱਡ ਗੇਟ ਟੁੱਟ ਗਿਆ। ਇੱਥੇ 50 ਜਣੇ ਫਸ ਗਏ ਅਤੇ ਉਨ੍ਹਾਂ ਨੂੰ ਬਚਾਉਣ ਲਈ ਫੌਜ ਦੇ ਹੈਲੀਕਾਪਟਰ ਬੁਲਾਉਣੇ ਪਏ। ਹੈੱਡਵਰਕਸ ਦਾ ਇੱਕ ਕਰਮਚਾਰੀ ਲਾਪਤਾ ਹੋਣ ਦੀ ਖ਼ਬਰ ਹੈ।

ਮੰਗਲਵਾਰ ਅਤੇ ਬੁੱਧਵਾਰ ਰਾਤ ਨੂੰ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਗੁਰਦਾਸਪੁਰ ਦੇ ਨਵੋਦਿਆ ਸਕੂਲ ‘ਚ 400 ਵਿਦਿਆਰਥੀ ਅਤੇ ਅਧਿਆਪਕ ਫਸ ਗਏ। ਪਠਾਨਕੋਟ-ਜੰਮੂ ਹਾਈਵੇਅ ਨੇੜੇ ਨਹਿਰ ਟੁੱਟਣ ਕਾਰਨ ਹਾਈਵੇਅ ਉੱਤੇ ਪਾਣੀ ਵਹਿਣਾ ਸ਼ੁਰੂ ਹੋ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦਾ ਸੰਗਰੂਰ ‘ਚ ਜੱਦੀ ਪਿੰਡ ਸਤੌਜ ਵੀ ਪਾਣੀ ਦੀ ਲਪੇਟ ‘ਚ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਪਠਾਨਕੋਟ ਅਤੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਮੁੱਖ ਮੰਤਰੀ ਨੇ ਆਪਣਾ ਹੈਲੀਕਾਪਟਰ ਇੱਥੇ ਛੱਡਿਆ ਤਾਂ ਜੋ ਇਸਨੂੰ ਲੋਕਾਂ ਨੂੰ ਬਚਾਉਣ ਲਈ ਵਰਤਿਆ ਜਾ ਸਕੇ। ਮੁੱਖ ਮੰਤਰੀ ਕਾਰ ਰਾਹੀਂ ਵਾਪਸ ਪਰਤੇ।

ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਸੂਬੇ ਦੇ ਸਾਰੇ 23 ਜ਼ਿਲ੍ਹਿਆਂ ‘ਚ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਸਾਰੇ ਸਕੂਲ ਪਹਿਲਾਂ ਹੀ 30 ਅਗਸਤ ਤੱਕ ਬੰਦ ਕਰ ਦਿੱਤੇ ਗਏ ਹਨ।

ਰਾਵੀ-ਬਿਆਸ ਅਤੇ ਸਤਲੁਜ ਦਰਿਆਵਾਂ ਦੇ ਪਾਣੀ ਦੇ ਪੱਧਰ ਵਧਣ ਕਾਰਨ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ 150 ਤੋਂ ਵੱਧ ਪਿੰਡ ਡੁੱਬ ਗਏ ਹਨ। ਇੱਥੇ ਬਚਾਅ ਕਾਰਜਾਂ ਲਈ ਐਨਡੀਆਰਐਫ, ਐਸਡੀਆਰਐਫ ਅਤੇ ਫੌਜ ਨੂੰ ਤਾਇਨਾਤ ਕੀਤਾ ਹੈ। ਕਰਤਾਰਪੁਰ ਸਾਹਿਬ ਲਾਂਘੇ ਦੇ ਨਾਲ-ਨਾਲ ਪਾਕਿਸਤਾਨ ‘ਚ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ ਵੀ ਪਾਣੀ ‘ਚ ਡੁੱਬ ਗਿਆ ਹੈ।

Read More: ਅੰਮ੍ਰਿਤਸਰ ‘ਚ ਧੁੱਸੀ ਬੰਨ੍ਹ ਟੁੱਟਣ ਕਾਰਨ ਕਈਂ ਪਿੰਡਾਂ ‘ਚ ਭਰਿਆ ਪਾਣੀ

Scroll to Top