ਚੰਡੀਗੜ੍ਹ, 27 ਅਗਸਤ 2025: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ ਦੇ 15 ਕੈਡਿਟਾਂ ਨੇ ਦਸੰਬਰ 2025 ‘ਚ ਸ਼ੁਰੂ ਹੋਣ ਵਾਲੇ ਨੈਸ਼ਨਲ ਡਿਫੈਂਸ ਅਕੈਡਮੀ (NDA)-155 ਅਤੇ ਟੈਕਨੀਕਲ ਐਂਟਰੀ ਸਕੀਮ (TES)-54 ਕੋਰਸਾਂ ਲਈ ਸਰਵਿਸਿਜ਼ ਸਿਲੈਕਸ਼ਨ ਬੋਰਡ (SSB) ਇੰਟਰਵਿਊ ਪਾਸ ਕੀਤੀ ਹੈ |
ਜਿਕਰਯੋਗ ਹੈ ਕਿ ਪਹਿਲੀ ਵਾਰ ਇਸ ਸੰਸਥਾ ਦੇ 15 ਕੈਡਿਟਾਂ ਨੇ ਇੱਕੋ ਵਾਰ ਐਸਐਸਬੀ ਕਲੀਅਰ ਕੀਤੀ ਹੈ। ਮੌਜੂਦਾ ਸਮੇਂ ਇਹਨਾਂ ਉਮੀਦਵਾਰਾਂ ਦਾ ਮੈਡੀਕਲ ਟੈਸਟ ਚੱਲ ਰਿਹਾ ਹੈ ਅਤੇ ਉਹ ਮੈਰਿਟ ਸੂਚੀ ਦੀ ਉਡੀਕ ਕਰ ਰਹੇ ਹਨ। ਅਜੇ ਵੀ ਕੁਝ ਕੈਡਿਟਾਂ ਨੇ ਟੀ.ਈ.ਐਸ.-54 ਲਈ ਐਸ.ਐਸ.ਬੀ. ਦੇਣੀ ਹੈ।
ਇਸ ਐਸ.ਐਸ.ਬੀ. ਪਾਸ ਕਰਨ ਵਾਲੇ ਕੈਡਿਟਾਂ ਅਤੇ ਟ੍ਰੇਨੀਜ਼ ‘ਚ ਗੁਰਕੀਰਤ ਸਿੰਘ, ਪਰਮਦੀਪ ਸਿੰਘ, ਅਪਾਰਦੀਪ ਸਿੰਘ ਸਾਹਨੀ, ਅਭੈ ਪ੍ਰਤਾਪ ਸਿੰਘ ਢਿੱਲੋਂ, ਵਿਸ਼ਵਰੂਪ ਸਿੰਘ ਗਰੇਵਾਲ, ਅਗਮਜੀਤ ਸਿੰਘ ਵਿਰਕ, ਹੇਮੰਤ ਸ਼ਰਮਾ, ਭਾਸਕਰ ਜੈਨ, ਸੁਖਪ੍ਰੀਤ ਸਿੰਘ, ਨਿਮਿਤ ਅਮਰ, ਸ਼ੌਰਿਆ ਵਰਧਨ, ਰੇਹਾਨ ਯਾਦਵ ਅਤੇ ਆਕਾਸ਼ ਸਿੰਘ ਕੁਸ਼ਵਾਹਾ ਸ਼ਾਮਲ ਹਨ। ਇਸਦੇ ਨਾਲ ਹੀ ਕੈਡਿਟ ਗੁਰਨੂਰ ਸਿੰਘ ਨੇ ਟੀ.ਈ.ਐਸ. ਕੋਰਸ ਲਈ ਐਸ.ਐਸ.ਬੀ. ਪਾਸ ਕੀਤੀ ਹੈ, ਜਦੋਂ ਕਿ ਪ੍ਰਿੰਸ ਦੂਬੇ ਨੇ ਐਨ.ਡੀ.ਏ. ਅਤੇ ਟੀ.ਈ.ਐਸ. ਦੋਵਾਂ ਕੋਰਸਾਂ ਲਈ ਇੰਟਰਵਿਊ ਪਾਸ ਕੀਤੀ ਹੈ।
ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਸਫਲਤਾ ਪ੍ਰਾਪਤ ਕਰਨ ਕੈਡਿਟਾਂ ਨੂੰ ਵਧਾਈ ਦਿੱਤੀ | ਉਨ੍ਹਾਂ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਮਿਸਾਲੀ ਅਧਿਕਾਰੀ ਬਣਨ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ, ਵੀ.ਐਸ.ਐਮ. (ਸੇਵਾਮੁਕਤ) ਨੇ ਸਫਲਤਾ ਹਾਸਲ ਕਰਨ ਵਾਲੇ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸੰਸਥਾ ਹਥਿਆਰਬੰਦ ਫੌਜਾਂ ਲਈ ਨੌਜਵਾਨਾਂ ਨੂੰ ਤਿਆਰ ਕਰਨ ਵਾਲੀ ਪ੍ਰਮੁੱਖ ਸੰਸਥਾ ਬਣਨ ਲਈ ਵਚਨਬੱਧ ਹੈ ਅਤੇ ਇਹ ਪ੍ਰਾਪਤੀ ਇਸਦੇ ਅਣਥੱਕ ਯਤਨਾਂ ਦਾ ਪ੍ਰਮਾਣ ਹੈ।
Read More: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 8 ਕੈਡਿਟ NDA ਤੋਂ ਹੋਏ ਗ੍ਰੈਜੂਏਟ