ਪਠਾਨਕੋਟ, 26 ਅਗਸਤ 2025: ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਕਾਊਂਟਰ ਇੰਟੈਲੀਜੈਂਸ (ਸੀਆਈ) ਪਠਾਨਕੋਟ ਨੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਅਪਰਾਧਾਂ ‘ਚ ਸ਼ਾਮਲ ਇੱਕ ਸੰਗਠਿਤ ਅਪਰਾਧ ਮਾਡਿਊਲ ਦੇ ਦੋ ਨਾਬਾਲਗਾਂ ਸਮੇਤ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ | ਪੁਲਿਸ ਮੁਤਾਬਕ ਇਸ ਕਾਰਵਾਈ ਨਾਲ ਸੂਬੇ ‘ਚ ਮਿੱਥ ਕੇ ਕਤਲ ਦੀ ਵਾਰਦਾਤ ਨੂੰ ਨਾਕਾਮ ਕਰ ਦਿੱਤਾ ਹੈ।
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਵਿਸ਼ਾਲ ਮਸੀਹ, ਵਾਸੀ ਪਖੋਕੇ ਟਾਹਲੀ, ਬਟਾਲਾ ਅਤੇ ਵਿਸ਼ਾਲ ਵਿਲੀਅਮ ਵਾਸੀ ਪਿੰਡ ਪਖੋਕੇ ਮਹਿਮਰਨ, ਗੁਰਦਾਸਪੁਰ ਸਮੇਤ ਦੋ ਨਾਬਾਲਗਾਂ ਜਿਨ੍ਹਾਂ ਨੂੰ ‘ਚੋਂ ਦੋ .30 ਬੋਰ ਸਟਾਰ ਮਾਰਕ ਪਿਸਤੌਲਾਂ ਸਮੇਤ ਛੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਇਸ ਬਾਰੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਵਿਦੇਸ਼ ਅਧਾਰਤ ਗੈਂਗਸਟਰਾਂ ਨਿਸ਼ਾਨ ਸਿੰਘ, ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਮਾਨ ਉਰਫ਼ ਹਨੀ ਅਤੇ ਸੱਜਨ ਮਸੀਹ ਉਰਫ਼ ਗੋਰੂ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਭਰ ‘ਚ ਹੋਰ ਅਪਰਾਧਿਕ ਗਤੀਵਿਧੀਆਂ ਬਾਰੇ ਵੀ ਸੁਰਾਗ ਮਿਲੇ ਹਨ।
ਇਸਦੇ ਨਾਲ ਹੀ ਏਆਈਜੀ ਸੀਆਈ ਪਠਾਨਕੋਟ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਜਾਂਚ ‘ਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਨਾਬਾਲਗਾਂ ‘ਚੋਂ ਇੱਕ ਸਾਜਨ ਮਸੀਹ ਦਾ ਚਚੇਰਾ ਭਰਾ ਹੈ ਅਤੇ ਸਾਜਨ ਦੇ ਇਸ਼ਾਰਿਆਂ ‘ਤੇ ਹਥਿਆਰਾਂ, ਵਿਸਫੋਟਕ ਪਦਾਰਥਾਂ ਆਦਿ ਨੂੰ ਲੈ ਕੇ ਜਾਣ ਦਾ ਕੰਮ ਕਰਦਾ ਸੀ। ਪੁਲਿਸ ਮੁਤਾਬਕ ਸਾਜਨ ਮਸੀਹ ਉਰਫ਼ ਗੋਰੂ ਭਗੌੜਾ ਅਪਰਾਧੀ ਹੈ ਅਤੇ ਸਤੰਬਰ 2023 ‘ਚ ਡੇਰਾ ਬਾਬਾ ਨਾਨਕ ਪੁਲਿਸ ਸਟੇਸ਼ਨ ‘ਚ ਦਰਜ ਇਰਾਦਾ ਕਤਲ ਅਤੇ ਅਸਲਾ ਐਕਟ ਦੇ ਮਾਮਲਿਆਂ ‘ਚ ਲੋੜੀਂਦਾ ਹੈ। ਆਪਣੀ ਗ੍ਰਿਫ਼ਤਾਰੀ ਉਪਰੰਤ ਸਾਜਨ ਨੇ ਗੁਰਦਾਸਪੁਰ ਜੇਲ੍ਹ ‘ਚ ਲਗਭਗ ਦੋ ਮਹੀਨੇ ਬਿਤਾਏ ਅਤੇ ਜ਼ਮਾਨਤ ਮਿਲਣ ਤੋਂ ਬਾਅਦ, ਉਹ ਭਾਰਤ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਿਆ ਸੀ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਨਾਬਾਲਗਾਂ ‘ਚੋਂ ਇੱਕ ਨੇ ਜਨਵਰੀ 2024 ‘ਚ ਡੇਰਾ ਬਾਬਾ ਨਾਨਕ ਦੇ ਹਰਦੀਪ ਸਿੰਘ, ਜਿਸਦਾ ਬਾਅਦ ‘ਚ ਕਤਲ ਕਰ ਦਿੱਤਾ ਗਿਆ ਸੀ, ਉਸਦੀ ਰੇਕੀ ਕੀਤੀ ਸੀ। ਇਸ ਉਪਰੰਤ ਨਾਬਾਲਗ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਅਤੇ ਬਾਲ ਸੁਧਾਰ ਘਰ ਤੋਂ ਰਿਹਾਅ ਹੋਣ ਤੋਂ ਬਾਅਦ, ਉਨ੍ਹਾਂ ਨੇ ਆਪਣੀਆਂ ਅਪਰਾਧਿਕ ਗਤੀਵਿਧੀਆਂ ਮੁੜ ਸ਼ੁਰੂ ਕਰ ਦਿੱਤੀਆਂ।
ਜਿਕਰਯੋਗ ਹੈ ਕਿ 14 ਅਗਸਤ, 2025 ਨੂੰ ਗ੍ਰਿਫ਼ਤਾਰ ਮੁਲਜ਼ਮ ਵਿਸ਼ਾਲ ਮਸੀਹ, ਗ੍ਰਿਫ਼ਤਾਰ ਕੀਤੇ ਇੱਕ ਨਾਬਾਲਗ ਨਾਲ ਹੁਸ਼ਿਆਰਪੁਰ ਦੇ ਟਾਂਡਾ ਗਿਆ ਅਤੇ ਹੁਸ਼ਿਆਰਪੁਰ ‘ਚ ਇੱਕ ਪ੍ਰਾਪਰਟੀ ਡੀਲਰ ‘ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਇਹ ਵਾਰਦਾਤ ਵੀ ਉਨ੍ਹਾਂ ਦੇ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ ‘ਤੇ ਕੀਤੀ ਸੀ।
ਏਆਈਜੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਵਿਸ਼ਾਲ ਮਸੀਹ ਨੇ ਨਾਬਾਲਗਾਂ ‘ਚੋਂ ਇਕ ਦੇ ਨਾਲ ਮਿਲ ਕੇ ਸੱਜਨ ਦੇ ਹੁਕਮ ‘ਤੇ ਬੰਗਾ ਦੇ ਇੱਕ ਵਿਅਕਤੀ ਦੀ ਰੇਕੀ ਵੀ ਕੀਤੀ ਸੀ ਅਤੇ ਜਦੋਂ ਉਹ ਉਸ ਵਿਅਕਤੀ ਦੇ ਕਤਲ ਨੂੰ ਅੰਜ਼ਾਮ ਦੇਣ ਜਾ ਰਹੇ ਸਨ ਉਦੋਂ ਹੀ ਸੀਆਈ ਪਠਾਨਕੋਟ ਦੀ ਟੀਮ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਨੇ ਇਸ ਸਬੰਧੀ ਐਫਆਈਆਰ ਨੰਬਰ 47 ਮਿਤੀ 25 ਅਗਸਤ 2025 ਨੂੰ ਥਾਣਾ ਐਸਐਸਓਸੀ ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 61(2) ਤਹਿਤ ਦਰਜ ਕੀਤੀ ਹੈ।
Read More: Pathankot: ਪਠਾਨਕੋਟ ਪੁਲਿਸ ਵੱਲੋਂ ਸ਼ੱਕੀ ਵਿਅਕਤੀ ਦੀ ਭਾਲ ਜਾਰੀ, ਪੰਜਾਬ ਪੁਲਿਸ ਨੇ ਜਾਰੀ ਕੀਤਾ ਸਕੈਚ