ਲਿਪੁਲੇਖ ਦੱਰਾ

ਨੇਪਾਲ ਨੇ ਲਿਪੁਲੇਖ ਦੱਰੇ ਰਾਹੀਂ ਭਾਰਤ-ਚੀਨ ਵਪਾਰ ਸਮਝੌਤੇ ‘ਤੇ ਜਤਾਇਆ ਇਤਰਾਜ਼

ਵਿਦੇਸ਼, 22 ਅਗਸਤ 2025: ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਨੇਪਾਲ ਦੀਆਂ ਉਨ੍ਹਾਂ ਚਿੰਤਾਵਾਂ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰ ਦਿੱਤਾ, ਜਿਸ ਦੇ ਤਹਿਤ ਗੁਆਂਢੀ ਦੇਸ਼ ਨੇ ਲਿਪੁਲੇਖ ਦੱਰੇ ਰਾਹੀਂ ਭਾਰਤ-ਚੀਨ ਵਪਾਰ ‘ਤੇ ਸਮਝੌਤੇ ‘ਤੇ ਇਤਰਾਜ਼ ਜਤਾਇਆ ਸੀ। ਦਰਅਸਲ, ਲਿਪੁਲੇਖ ਦੱਰਾ ਭਾਰਤ ਅਤੇ ਚੀਨ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਿਹਾ ਵਪਾਰਕ ਰਸਤਾ ਰਿਹਾ ਹੈ। ਹਾਲਾਂਕਿ, 2020 ‘ਚ ਪਹਿਲਾਂ ਸਰਹੱਦੀ ਟਕਰਾਅ ਅਤੇ ਫਿਰ ਕੋਰੋਨਾ ਮਹਾਂਮਾਰੀ ਤੋਂ ਬਾਅਦ ਇਸ ਖੇਤਰ ਰਾਹੀਂ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਬੰਦ ਹੋ ਗਿਆ ਸੀ। ਹੁਣ ਜਦੋਂ ਭਾਰਤ ਅਤੇ ਚੀਨ ਲਿਪੁਲੇਖ ਦੱਰੇ ਰਾਹੀਂ ਵਪਾਰ ਮੁੜ ਸ਼ੁਰੂ ਕਰਨ ‘ਤੇ ਸਹਿਮਤ ਹੋਏ ਹਨ, ਤਾਂ ਨੇਪਾਲ ਨੇ ਇਹ ਮੁੱਦਾ ਉਠਾਇਆ ਹੈ।

ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਲਿਪੁਲੇਖ ਨੇਪਾਲ ਦਾ ਇੱਕ ਅਟੁੱਟ ਹਿੱਸਾ ਹੈ ਅਤੇ ਉਨ੍ਹਾਂ ਨੂੰ ਨੇਪਾਲ ਦੇ ਅਧਿਕਾਰਤ ਨਕਸ਼ੇ ਅਤੇ ਸੰਵਿਧਾਨ ‘ਚ ਸ਼ਾਮਲ ਕੀਤਾ ਗਿਆ ਹੈ। ਇਸ ਮਾਮਲੇ ‘ਚ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਲਿਪੁਲੇਖ ਦੱਰੇ ਰਾਹੀਂ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਵਪਾਰ 1954 ਤੋਂ ਚੱਲ ਰਿਹਾ ਹੈ ਅਤੇ ਇਹ ਲੰਬੇ ਸਮੇਂ ਤੋਂ ਪ੍ਰਚਲਿਤ ਹੈ। ਹਾਲ ਹੀ ਦੇ ਸਾਲਾਂ ‘ਚ ਕੋਵਿਡ-19 ਮਹਾਂਮਾਰੀ ਅਤੇ ਹੋਰ ਕਾਰਨਾਂ ਕਰਕੇ ਇਹ ਵਪਾਰ ਵਿਘਨ ਪਿਆ ਸੀ। ਹੁਣ ਦੋਵੇਂ ਦੇਸ਼ ਇਸਨੂੰ ਮੁੜ ਸ਼ੁਰੂ ਕਰਨ ‘ਤੇ ਸਹਿਮਤ ਹੋਏ ਹਨ।

ਉਨ੍ਹਾਂ ਕਿਹਾ ਕਿ ਨੇਪਾਲ ਦੇ ਖੇਤਰੀ ਦਾਅਵੇ ਨਾ ਤਾਂ ਜਾਇਜ਼ ਹਨ ਅਤੇ ਨਾ ਹੀ ਇਤਿਹਾਸਕ ਤੱਥਾਂ ਅਤੇ ਸਬੂਤਾਂ ‘ਤੇ ਆਧਾਰਿਤ ਹਨ। ਉਨ੍ਹਾਂ ਕਿਹਾ ਕਿ ਅਜਿਹੇ ਦਾਅਵੇ ਸਿਰਫ਼ ਨਕਲੀ ਅਤੇ ਇਕਪਾਸੜ ਵਾਧਾ ਹਨ, ਜੋ ਸਵੀਕਾਰਯੋਗ ਨਹੀਂ ਹਨ। ਜੈਸਵਾਲ ਨੇ ਇਹ ਵੀ ਕਿਹਾ ਕਿ ਭਾਰਤ ਨੇਪਾਲ ਨਾਲ ਸਰਹੱਦ ਨਾਲ ਸਬੰਧਤ ਸਾਰੇ ਮੁੱਦਿਆਂ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੱਲ ਕਰਨ ਲਈ ਹਮੇਸ਼ਾ ਤਿਆਰ ਹੈ।

ਲਿਪੁਲੇਖ ਦੱਰਾ ਕੀ ਹੈ ਤੇ ਇਹ ਕਿੱਥੇ ਹੈ?

ਲਿਪੁਲੇਖ ਦੱਰਾ ਭਾਰਤ ਦੀ ਸਰਹੱਦ ‘ਤੇ ਨੇਪਾਲ ਨਾਲ ਲੱਗਦੇ ਇੱਕ ਖੇਤਰ ਹੈ। ਨੇਪਾਲ ਲੰਬੇ ਸਮੇਂ ਤੋਂ ਇਸ ‘ਤੇ ਦਾਅਵਾ ਕਰਦਾ ਆ ਰਿਹਾ ਹੈ। ਇੰਨਾ ਹੀ ਨਹੀਂ, ਨੇਪਾਲ ਸਰਹੱਦ ਨਾਲ ਲੱਗਦੇ ਭਾਰਤ ਦੇ ਕੁੱਲ 372 ਵਰਗ ਕਿਲੋਮੀਟਰ ਖੇਤਰ ‘ਤੇ ਵੀ ਦਾਅਵਾ ਕਰਦਾ ਆ ਰਿਹਾ ਹੈ, ਜਿਸ ‘ਚ ਭਾਰਤ-ਨੇਪਾਲ-ਚੀਨ ਟ੍ਰਾਈ-ਜੰਕਸ਼ਨ ‘ਤੇ ਲਿੰਪੀਆਧੁਰਾ ਅਤੇ ਕਾਲਾਪਾਣੀ ਵੀ ਸ਼ਾਮਲ ਹਨ। ਇਹ ਖੇਤਰ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ‘ਚ ਹੈ।

ਇਨ੍ਹਾਂ ‘ਚੋਂ ਲਿਪੁਲੇਖ ਦੱਰੇ ਦਾ ਵਿਸ਼ੇਸ਼ ਮਹੱਤਵ ਹੈ। ਇਹ ਦੱਰਾ ਹਿਮਾਲੀਅਨ ਪਹਾੜਾਂ ਦੇ ਵਿਚਕਾਰ ਸਮੁੰਦਰ ਤਲ ਤੋਂ ਲਗਭਗ 17 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਹੈ। ਭਾਰਤ-ਚੀਨ-ਨੇਪਾਲ ਦੇ ਵਿਚਕਾਰ ਸਥਿਤ, ਇਸ ਦੱਰੇ ਨੂੰ ਭਾਰਤ ਸਦੀਆਂ ਤੋਂ ਵਪਾਰ ਲਈ ਵਰਤਦਾ ਆ ਰਿਹਾ ਹੈ। ਇੰਨਾ ਹੀ ਨਹੀਂ, ਇਹ ਭਾਰਤ ਲਈ ਕੈਲਾਸ਼ ਪਰਬਤ ਲੜੀ ਅਤੇ ਮਾਨਸਰੋਵਰ ਝੀਲ ਤੱਕ ਪਹੁੰਚਣ ਲਈ ਇੱਕ ਮਹੱਤਵਪੂਰਨ ਰਸਤਾ ਹੈ ਜੋ ਚੀਨ ਦੇ ਖੇਤਰ ‘ਚ ਆਉਂਦੇ ਹਨ। ਇਹ ਸਿੱਧਾ ਭਾਰਤ ‘ਚ ਉੱਤਰਾਖੰਡ ਦੇ ਕੁਮਾਉਂ ਖੇਤਰ ਅਤੇ ਤਿੱਬਤ ਦੇ ਤਕਲਾਕੋਟ ਨੂੰ ਜੋੜਦਾ ਹੈ।

Read More: ਚੀਨ ਦੇ ਵਿਦੇਸ਼ ਮੰਤਰੀ ਦੀ PM ਮੋਦੀ ਨਾਲ ਮੁਲਾਕਾਤ, ਦੋਵੇਂ ਦੇਸ਼ਾਂ ਵਿਚਾਲੇ ਸਬੰਧਾਂ ‘ਚ ਸੁਧਾਰ ਬਾਰੇ ਕੀਤੀ ਚਰਚਾ

Scroll to Top