ਹਰਿਆਣਾ, 20 ਅਗਸਤ 2025: ਹਰਿਆਣਾ ਦੇ ਵਾਤਾਵਰਣ ਅਤੇ ਜੰਗਲਾਤ ਮੰਤਰੀ ਰਾਓ ਨਰਬੀਰ ਸਿੰਘ ਨੇ ਅਧਿਕਾਰੀਆਂ ਨੂੰ ਵਨ ਮਿੱਤਰ ਯੋਜਨਾ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਪੌਦੇ ਲਗਾਉਣ ਨੂੰ ਇੱਕ ਜਨ ਅੰਦੋਲਨ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਵਨ ਮਿੱਤਰ ਨਾ ਸਿਰਫ਼ ਨਿੱਜੀ ਜ਼ਮੀਨ ‘ਤੇ ਸਗੋਂ ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਵੀ ਟੋਏ ਪੁੱਟ ਕੇ ਪੌਦੇ ਲਗਾ ਸਕਣਗੇ।
ਕੈਬਨਿਟ ਮੰਤਰੀ ਨੇ ਇਹ ਨਿਰਦੇਸ਼ ਅੱਜ ਚੰਡੀਗੜ੍ਹ ‘ਚ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਦਿੱਤੇ। ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਨ, ਜੰਗਲਾਤ ਦੇ ਪ੍ਰਮੁੱਖ ਮੁੱਖ ਸੰਰੱਖਿਅਕ ਅਤੇ ਹੋਰ ਸੀਨੀਅਰ ਅਧਿਕਾਰੀ ਬੈਠਕ ਚ ਮੌਜੂਦ ਸਨ।
ਜੰਗਲਾਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਵਨ ਮਿੱਤਰਾਂ ਨੂੰ ਦਿੱਤੇ ਜਾਣ ਵਾਲੇ 15 ਹਜ਼ਾਰ ਰੁਪਏ ਦੇ ਮਾਸਿਕ ਮਾਣਭੱਤੇ ‘ਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ ਅਤੇ ਇਸਨੂੰ ਤੁਰੰਤ ਜਾਰੀ ਕੀਤਾ ਜਾਣਾ ਚਾਹੀਦਾ ਹੈ।
ਬੈਠਕ ‘ਚ ਮੰਤਰੀ ਨੂੰ ਦੱਸਿਆ ਕਿ ਸਾਲ 2024 ‘ਚ ਸ਼ੁਰੂ ਕੀਤੀ ਵਣ ਮਿੱਤਰ ਯੋਜਨਾ ਦੇ ਤਹਿਤ, 70 ਹਜ਼ਾਰ ਨੌਜਵਾਨਾਂ ਨੇ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾਈ ਸੀ ਅਤੇ ਉਨ੍ਹਾਂ ਨੇ ਦੋ ਲੱਖ ਤੋਂ ਵੱਧ ਟੋਏ ਪੁੱਟੇ ਸਨ, ਜਿਨ੍ਹਾਂ ‘ਚੋਂ 2598 ਨੌਜਵਾਨਾਂ ਨੂੰ 10 ਟੋਇਆਂ ‘ਚ ਬੂਟੇ ਲਗਾਉਣ ਅਤੇ ਜੀਓ ਟੈਗਿੰਗ ਕਰਨ ਤੋਂ ਬਾਅਦ ‘ਵਣ ਮਿੱਤਰ’ ਦਾ ਦਰਜਾ ਦਿੱਤਾ ਗਿਆ ਸੀ।
ਤਸਦੀਕ ਦੀ ਨਵੀਂ ਪ੍ਰਣਾਲੀ
ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਹੁਣ ਜੀਓ ਟੈਗਿੰਗ ਦੀ ਬਜਾਏ, ਡੀਐਫਓ, ਕੰਜ਼ਰਵੇਟਰ ਅਤੇ ਵਣ ਗਾਰਡ ਖੁਦ ਟੋਇਆਂ ਅਤੇ ਪੌਦੇ ਲਗਾਉਣ ਦੀ ਤਸਦੀਕ ਅਤੇ ਨਿਗਰਾਨੀ ਕਰਨਗੇ। ਇਸ ਨਾਲ ਵਣ ਮਿੱਤਰਾਂ ਦੇ ਕੰਮ ਦਾ ਸਹੀ ਮੁਲਾਂਕਣ ਸੰਭਵ ਹੋਵੇਗਾ ਅਤੇ ਉਨ੍ਹਾਂ ਦਾ ਮਾਣਭੱਤਾ ਡੀਬੀਟੀ ਰਾਹੀਂ ਪਾਰਦਰਸ਼ੀ ਢੰਗ ਨਾਲ ਜਾਰੀ ਕੀਤਾ ਜਾ ਸਕੇਗਾ।
ਹਰਿਆਣਾ ਸਰਕਾਰ ਦਾ ਦ੍ਰਿਸ਼ਟੀਕੋਣ
ਹਰਿਆਣਾ ਸਰਕਾਰ ਦਾ ਟੀਚਾ ਆਉਣ ਵਾਲੇ ਸਾਲਾਂ ‘ਚ ਹਰਿਆਣਾ ਨੂੰ ਹਰਿਆਲੀ ਅਤੇ ਸਾਫ਼ ਹਵਾ ਵਾਲਾ ਸੂਬਾ ਬਣਾਉਣਾ ਹੈ। ‘ਏਕ ਪੇਡ ਮਾਂ ਕੇ ਨਾਮ’ ਦੇ ਸੰਕਲਪ ਨੂੰ ਅੱਗੇ ਵਧਾਉਂਦੇ ਹੋਏ, ਸਰਕਾਰ ਨੌਜਵਾਨਾਂ, ਔਰਤਾਂ ਅਤੇ ਸਮਾਜ ਦੇ ਹਰ ਵਰਗ ਨੂੰ ਵਾਤਾਵਰਣ ਸੁਰੱਖਿਆ ਨਾਲ ਜੋੜ ਰਹੀ ਹੈ, ਤਾਂ ਜੋ ਹਰਿਆਣਾ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਹਰਿਆ ਭਰਿਆ ਅਤੇ ਸਿਹਤਮੰਦ ਹਰਿਆਣਾ ਬਣ ਸਕੇ।
Read More: ਹਰਿਆਣਾ ਸਰਕਾਰ ਵੱਲੋਂ ਜੀਪੀਐਫ ਐਡਵਾਂਸ ਜਾਂ ਕਢਵਾਉਣ ਬਾਰੇ ਹਦਾਇਤਾਂ ਜਾਰੀ