ਭਾਰਤ 'ਤੇ ਪਾਬੰਦੀਆਂ

ਰੂਸ ‘ਤੇ ਦਬਾਅ ਪਾਉਣ ਲਈ ਭਾਰਤ ‘ਤੇ ਆਰਥਿਕ ਪਾਬੰਦੀਆਂ ਲਗਾਈਆਂ: ਅਮਰੀਕਾ

ਵਿਦੇਸ਼, 20 ਅਗਸਤ 2025: ਅਮਰੀਕਾ ਨੇ ਰੂਸ ‘ਤੇ ਦਬਾਅ ਪਾਉਣ ਲਈ ਭਾਰਤ ‘ਤੇ ਆਰਥਿਕ ਪਾਬੰਦੀਆਂ ਲਗਾਈਆਂ ਹਨ। ਵ੍ਹਾਈਟ ਹਾਊਸ ਦੀ ਪ੍ਰੈਸ ਸੈਕਟਰੀ ਕੈਰੋਲੀਨ ਲੇਵਿਟ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ, ਟਰੰਪ ਪ੍ਰਸ਼ਾਸਨ ਰੂਸ ਤੋਂ ਤੇਲ ਖਰੀਦਣ ਲਈ ਭਾਰਤ ਵਿਰੁੱਧ ਕੀਤੀ ਆਰਥਿਕ ਕਾਰਵਾਈ ਨੂੰ ਜੁਰਮਾਨਾ ਜਾਂ ਟੈਰਿਫ ਕਹਿ ਰਿਹਾ ਸੀ।

ਟਰੰਪ ਨੇ ਹੁਣ ਤੱਕ ਭਾਰਤ ‘ਤੇ ਕੁੱਲ 50 ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ‘ਚ 25% ਰੇਸੀਪਰੋਕਲ ਭਾਵ ਜੈਸੇ ਨੂੰ ਤੈਸਾ ਤੇ ਰੂਸ ਤੋਂ ਤੇਲ ਖਰੀਦਣ ਲਈ 25% ਜੁਰਮਾਨਾ ਸ਼ਾਮਲ ਹੈ।
ਇਹ ਟੈਰਿਫ 7 ਅਗਸਤ ਤੋਂ ਲਾਗੂ ਹੋ ਗਿਆ ਹੈ, ਜਦੋਂ ਕਿ ਜੁਰਮਾਨਾ 27 ਅਗਸਤ ਤੋਂ ਲਾਗੂ ਹੋਵੇਗਾ। ਲੇਵਿਟ ਦੇ ਮੁਤਾਬਕ ਇਸਦਾ ਉਦੇਸ਼ ਰੂਸ ‘ਤੇ ਸੈਕੰਡਰੀ ਦਬਾਅ ਪਾਉਣਾ ਹੈ, ਤਾਂ ਜੋ ਉਸਨੂੰ ਯੁੱਧ ਖਤਮ ਕਰਨ ਲਈ ਮਜਬੂਰ ਕੀਤਾ ਜਾ ਸਕੇ।

ਲੇਵਿਟ ਨੇ ਦਾਅਵਾ ਕੀਤਾ ਕਿ ਟਰੰਪ ਨੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ-ਪਾਕਿਸਤਾਨ ਟਕਰਾਅ ਨੂੰ ਰੋਕਣ ‘ਚ ਮਹੱਤਵਪੂਰਨ ਭੂਮਿਕਾ ਨਿਭਾਈ। ਪ੍ਰੈਸ ਸੈਕਟਰੀ ਦੇ ਮੁਤਾਬਕ ਟਰੰਪ ਨੇ ਵਪਾਰ ਨੂੰ ਹਥਿਆਰ ਵਜੋਂ ਵਰਤ ਕੇ ਇਸ ਟਕਰਾਅ ਨੂੰ ਖਤਮ ਕੀਤਾ।

ਲੇਵਿਟ ਨੇ ਕਿਹਾ ਕਿ ਟਰੰਪ ਨੇ ਅਜ਼ਰਬਾਈਜਾਨ ਅਤੇ ਅਰਮੇਨੀਆ ਵਿਚਕਾਰ ਸ਼ਾਂਤੀ ਸੌਦਾ ਕਰਵਾਇਆ। ਰਵਾਂਡਾ ਅਤੇ ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ ਵਿਚਕਾਰ ਟਕਰਾਅ ਨੂੰ ਖਤਮ ਕਰਨ ‘ਚ ਵੀ ਮੱਦਦ ਕੀਤੀ।

ਵ੍ਹਾਈਟ ਹਾਊਸ ਦੇ ਮੁਤਾਬਕ ਟਰੰਪ ਦਾ ਇਸ ਸਮੇਂ ਮੁੱਖ ਧਿਆਨ ਰੂਸ-ਯੂਕਰੇਨ ਅਤੇ ਇਜ਼ਰਾਈਲ-ਹਮਾਸ ਯੁੱਧਾਂ ਨੂੰ ਖਤਮ ਕਰਨ ‘ਤੇ ਹੈ। ਟਰੰਪ ਨੇ ਪਹਿਲਾਂ ਵੀ ਕਈ ਵਾਰ ਭਾਰਤ-ਪਾਕਿ ਟਕਰਾਅ ਨੂੰ ਖਤਮ ਕਰਨ ਦਾ ਸਿਹਰਾ ਆਪਣੇ ਆਪ ਨੂੰ ਦਿੱਤਾ ਹੈ। ਟਰੰਪ ਨੇ ਸੋਮਵਾਰ ਦੇਰ ਰਾਤ (ਭਾਰਤੀ ਸਮੇਂ ਅਨੁਸਾਰ) ਵ੍ਹਾਈਟ ਹਾਊਸ ਵਿਖੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਅਤੇ ਟਰੰਪ ਨੇ ਗੱਲਬਾਤ ਨੂੰ ਸਫਲ ਦੱਸਿਆ। ਜ਼ੇਲੇਂਸਕੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਗੱਲਬਾਤ ਸੀ। ਹਾਲਾਂਕਿ, ਇਸ ਸਮੇਂ ਦੌਰਾਨ ਰੂਸ ਅਤੇ ਯੂਕਰੇਨ ਵਿਚਕਾਰ ਜੰਗਬੰਦੀ ‘ਤੇ ਕੋਈ ਸਮਝੌਤਾ ਨਹੀਂ ਹੋਇਆ। ਟਰੰਪ ਨੇ ਕਿਹਾ ਕਿ ਇਸ ਸਮੇਂ ਇੰਨੀ ਛੇਤੀ ਜੰਗਬੰਦੀ ਸੰਭਵ ਨਹੀਂ ਹੈ।

Read More: ਡੋਨਾਲਡ ਟਰੰਪ ਦਾ ਦਾਅਵਾ, ਰੂਸ ਨੇ ਭਾਰਤ ਦੇ ਰੂਪ ‘ਚ ਇੱਕ ਵੱਡਾ ਤੇਲ ਗਾਹਕ ਗੁਆਇਆ

Scroll to Top