ਸਪੋਰਟਸ, 18 ਅਗਸਤ 2025: Asia Cup 2025: ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਐਤਵਾਰ 9 ਸਤੰਬਰ ਨੂੰ ਯੂਏਈ ‘ਚ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਅਤੇ ਉਸ ਤੋਂ ਪਹਿਲਾਂ 29 ਅਗਸਤ ਤੋਂ 7 ਸਤੰਬਰ ਤੱਕ ਹੋਣ ਵਾਲੀ ਤਿਕੋਣੀ ਸੀਰੀਜ਼ ਲਈ 17 ਮੈਂਬਰੀ ਟੀਮ ਦਾ ਐਲਾਨ ਕੀਤਾ। ਇਸ ‘ਚ ਸੀਨੀਅਰ ਬੱਲੇਬਾਜ਼ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਨੂੰ ਬਾਹਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਟੀਮ ਚੋਣਕਾਰਾਂ ਦੀ ਸਖ਼ਤ ਆਲੋਚਨਾ ਹੋ ਰਹੀ ਹੈ।
ਸਾਬਕਾ ਮਹਾਨ ਪਾਕਿਸਤਾਨੀ ਕ੍ਰਿਕਟਰ ਜਾਵੇਦ ਮੀਆਂਦਾਦ ਨੇ ਚੋਣ ਪ੍ਰਕਿਰਿਆ ‘ਤੇ ਸਵਾਲ ਉਠਾਉਂਦੇ ਹੋਏ ਕਿਹਾ, ‘ਚੋਣਕਾਰ ਖੁਦ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ। ਕੀ ਉਨ੍ਹਾਂ ਨੇ ਕਦੇ ਕ੍ਰਿਕਟ ਖੇਡੀ ਹੈ? ਬਾਬਰ ਆਜ਼ਮ ਵਰਗੇ ਖਿਡਾਰੀ ਨੂੰ ਬਾਹਰ ਕਰਨਾ ਸਮਝ ਤੋਂ ਪਰੇ ਹੈ। ਕ੍ਰਿਕਟ ‘ਚ ਉਤਰਾਅ-ਚੜ੍ਹਾਅ ਸੁਭਾਵਿਕ ਹਨ। ਖਿਡਾਰੀ ਨੂੰ ਸਹੀ ਸਮੇਂ ‘ਤੇ ਆਤਮਵਿਸ਼ਵਾਸ ਨਾਲ ਪ੍ਰਦਰਸ਼ਨ ਕਰਨਾ ਪੈਂਦਾ ਹੈ।’
ਸੀਨੀਅਰ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ, ਮੁਹੰਮਦ ਵਸੀਮ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸਲਮਾਨ ਮਿਰਜ਼ਾ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਸਲਮਾਨ ਅਲੀ ਆਗਾ ਨੂੰ ਤਿਕੋਣੀ ਲੜੀ ਅਤੇ ਏਸ਼ੀਆ ਕੱਪ ਲਈ ਕਪਤਾਨ ਨਿਯੁਕਤ ਕੀਤਾ ਗਿਆ ਹੈ। ਫਖਰ ਜ਼ਮਾਨ ਹੈਮਸਟ੍ਰਿੰਗ ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ ਟੀਮ ‘ਚ ਵਾਪਸ ਆਏ ਹਨ। ਉਹ ਵੈਸਟਇੰਡੀਜ਼ ਦੌਰੇ ‘ਤੇ ਜ਼ਖਮੀ ਹੋ ਗਿਆ ਸੀ, ਪਰ ਹੁਣ ਉਹ ਪੂਰੀ ਤਰ੍ਹਾਂ ਫਿੱਟ ਹੈ ਅਤੇ ਦੋਵਾਂ ਟੂਰਨਾਮੈਂਟਾਂ ਲਈ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਪਾਕਿਸਤਾਨ ਦਾ ਪਹਿਲਾ ਮੈਚ 12 ਸਤੰਬਰ ਨੂੰ ਓਮਾਨ, 14 ਸਤੰਬਰ ਨੂੰ ਭਾਰਤ ਅਤੇ 17 ਸਤੰਬਰ ਨੂੰ ਯੂਏਈ ਨਾਲ ਹੋਵੇਗਾ। ਟ੍ਰਾਈ ਸੀਰੀਜ਼ ਅਤੇ ਏਸ਼ੀਆ ਕੱਪ ਲਈ ਪਾਕਿਸਤਾਨੀ ਟੀਮ ‘ਚ ਸਲਮਾਨ ਆਗਾ (ਕਪਤਾਨ), ਅਬਰਾਰ ਅਹਿਮਦ, ਫਹੀਮ ਅਸ਼ਰਫ, ਫਖਰ ਜ਼ਮਾਨ, ਹਾਰਿਸ ਰਉਫ, ਹਸਨ ਅਲੀ, ਹਸਨ ਨਵਾਜ਼, ਹੁਸੈਨ ਤਲਤ, ਖੁਸ਼ਦਿਲ ਸ਼ਾਹ, ਮੁਹੰਮਦ ਹਾਰਿਸ (ਵਿਕਟਕੀਪਰ), ਮੁਹੰਮਦ ਨਵਾਜ਼, ਮੁਹੰਮਦ ਵਸੀਮ, ਸਾਹਿਬਜ਼ਾਦਾ ਫਰਹਾਨ, ਸੈਮ ਅਯੂਬ, ਸਲਮਾਨ ਮਿਰਜ਼ਾ, ਸ਼ਾਹੀਨ ਸ਼ਾਹ ਅਫਰੀਦੀ, ਸੂਫੀਆਂ ਮੋਕਿਮ ਨੂੰ ਸ਼ਾਮਲ ਕੀਤਾ ਗਿਆ ਹੈ |
Read More: ਏਸ਼ੀਆ ਕੱਪ ‘ਚ ਭਾਰਤ ਪਾਕਿਸਤਾਨ ਖ਼ਿਲਾਫ ਮੈਚ ਨਹੀਂ ਖੇਡੇਗੀ: ਕੇਦਾਰ ਜਾਧਵ