ਦਿੱਲੀ, 18 ਅਗਸਤ 2025: ਵਿਰੋਧੀ ਧਿਰ ਵੱਲੋਂ ਵੋਟ ਚੋਰ ਦੇ ਲਗਾਏ ਦੋਸ਼ਾਂ ਤੋਂ ਬਾਅਦ ਮਾਮਲਾ ਹੋਰ ਵੀ ਭਖਦਾ ਜਾ ਰਿਹਾ ਹੈ | ਵਿਰੋਧੀ ਧਿਰ ਵੋਟਰ ਤਸਦੀਕ ਅਤੇ ਵੋਟ ਚੋਰੀ ਦੇ ਦੋਸ਼ਾਂ ‘ਤੇ ਸੰਸਦ ‘ਚ ਮੁੱਖ ਚੋਣ ਕਮਿਸ਼ਨਰ ਵਿਰੁੱਧ ਮਹਾਂਦੋਸ਼ ਪ੍ਰਸਤਾਵ ਲਿਆ ਸਕਦੀ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਸਈਦ ਨਸੀਰ ਹੁਸੈਨ ਨੇ ਵੀ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਪਾਰਟੀ ਲੋੜ ਪੈਣ ‘ਤੇ ਮਹਾਂਦੋਸ਼ ਪ੍ਰਸਤਾਵ ਸਮੇਤ ਸਾਰੇ ਲੋਕਤੰਤਰੀ ਤਰੀਕਿਆਂ ਦੀ ਵਰਤੋਂ ਕਰਨ ਲਈ ਤਿਆਰ ਹੈ। ਹਾਲਾਂਕਿ, ਅਜੇ ਤੱਕ ਕੋਈ ਰਸਮੀ ਚਰਚਾ ਨਹੀਂ ਹੋਈ ਹੈ।
ਸੋਮਵਾਰ ਨੂੰ ਵੀ ਲੋਕ ਸਭਾ ਅਤੇ ਰਾਜ ਸਭਾ ‘ਚ ਵਿਰੋਧੀ ਧਿਰ ਦਾ ਹੰਗਾਮਾ ਜਾਰੀ ਰਿਹਾ। ਬਿਹਾਰ ਵੋਟਰ ਤਸਦੀਕ ਨੂੰ ਲੈ ਕੇ ਲੋਕ ਸਭਾ ‘ਚ ਵਿਰੋਧੀ ਧਿਰ ਨੇ ਨਾਅਰੇਬਾਜ਼ੀ ਕੀਤੀ। ਸੰਸਦ ਮੈਂਬਰਾਂ ਨੇ ਵੋਟ ਚੋਰ ਗੱਦੀ ਛੋੜ ਅਤੇ ਸਾਨੂੰ ਇਨਸਾਫ ਚਾਹੀਦਾ ਹੈ ਦੇ ਨਾਅਰੇ ਲਗਾਏ।
ਲੋਕ ਸਭਾ ਸਪੀਕਰ ਦੀ ਚੇਤਾਵਨੀ ਦੇ ਬਾਵਜੂਦ ਹੰਗਾਮਾ ਜਾਰੀ ਰਿਹਾ। ਇਸ ਕਾਰਨ ਲੋਕ ਸਭਾ ਨੂੰ ਦੁਪਹਿਰ 12 ਵਜੇ ਤੱਕ ਮੁਲਤਵੀ ਕਰਨਾ ਪਿਆ। ਕਾਰਵਾਈ ਮੁੜ ਸ਼ੁਰੂ ਹੋਣ ਤੋਂ ਬਾਅਦ ਵੀ ਨਾਅਰੇਬਾਜ਼ੀ ਜਾਰੀ ਰਹੀ। ਇਸ ਕਾਰਨ ਸਦਨ ਨੂੰ ਦੁਬਾਰਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ।
ਹੰਗਾਮੇ ਦੇ ਵਿਚਕਾਰ, ਪਿਊਸ਼ ਗੋਇਲ ਨੇ ਲੋਕ ਸਭਾ ‘ਚ ਜਨ ਵਿਸ਼ਵਾਸ (ਸੋਧ) ਬਿੱਲ 2025 ਅਤੇ ਧਰਮਿੰਦਰ ਪ੍ਰਧਾਨ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਸੋਧ) ਬਿੱਲ 2025 ਪੇਸ਼ ਕੀਤੇ। ਅੱਜ ਸਦਨ ‘ਚ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੀ ਪੁਲਾੜ ਯਾਤਰਾ ਦੀ ਸਫਲਤਾ ‘ਤੇ ਇੱਕ ਵਿਸ਼ੇਸ਼ ਚਰਚਾ ਹੋਣ ਜਾ ਰਹੀ ਹੈ। ਇਸ ਦੌਰਾਨ, ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਰਾਜ ਸਭਾ ਨੂੰ ਵੀ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
Read More: BJP ਨੇ ਉਪ-ਰਾਸ਼ਟਰਪਤੀ ਅਹੁਦੇ ਸੀਪੀ ਰਾਧਾਕ੍ਰਿਸ਼ਨਨ ਨੂੰ ਉਮੀਦਵਾਰ ਐਲਾਨਿਆ