ਸਪੋਰਟਸ, 18 ਅਗਸਤ 2025: Asia Cup 2025: ਏਸ਼ੀਆ ਕੱਪ 2025 ‘ਚ ਭਾਰਤ ਅਤੇ ਪਾਕਿਸਤਾਨ ਦਾ ਮੈਚ 14 ਸਤੰਬਰ ਨੂੰ ਦੁਬਈ ‘ਚ ਖੇਡਿਆ ਜਾਣਾ ਹੈ, ਪਰ ਇਨ੍ਹਾਂ ਦੋ ਵਿਰੋਧੀਆਂ ਦੇ ਮੈਚ ਨੂੰ ਲੈ ਕੇ ਬਿਆਨਬਾਜ਼ੀ ਜਾਰੀ ਹੈ। ਪਹਿਲਗਾਮ ‘ਚ ਹੋਏ ਅੱ.ਤ.ਵਾ.ਦੀ ਹਮਲੇ ਤੋਂ ਬਾਅਦ, ਦੋਵਾਂ ਦੇਸ਼ਾਂ ਦੇ ਸਬੰਧ ‘ਚ ਹੋਰ ਵੀ ਤਣਾਅ ਆਇਆ ਹੈ | ਇਸ ਲਈ ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਹੁਣ ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਕੇਦਾਰ ਜਾਧਵ ਨੇ ਇਸ ਮਾਮਲੇ ‘ਤੇ ਵੱਡਾ ਬਿਆਨ ਦਿੱਤਾ ਹੈ।
ਏਸ਼ੀਆ ਕੱਪ ‘ਚ ਭਾਰਤ ਅਤੇ ਪਾਕਿਸਤਾਨ ਦੇ ਮੈਚ ਦੀ ਖ਼ਬਰ ਨੇ ਦੇਸ਼ ‘ਚ ਵਿਵਾਦ ਪੈਦਾ ਕਰ ਦਿੱਤਾ ਸੀ ਅਤੇ ਬਹੁਤ ਸਾਰੇ ਕ੍ਰਿਕਟ ਪ੍ਰਸ਼ੰਸਕਾਂ ਨੇ ਇਸ ਫੈਸਲੇ ‘ਤੇ ਸਵਾਲ ਖੜ੍ਹੇ ਕੀਤੇ ਸਨ। ਸਾਬਕਾ ਭਾਰਤੀ ਬੱਲੇਬਾਜ਼ ਅਤੇ ਹੁਣ ਭਾਜਪਾ ਆਗੂ ਕੇਦਾਰ ਜਾਧਵ ਨੇ ਇੱਕ ਵੱਡਾ ਦਾਅਵਾ ਕੀਤਾ ਹੈ ਅਤੇ ਕਿਹਾ ਹੈ ਕਿ ਭਾਰਤੀ ਟੀਮ 14 ਸਤੰਬਰ ਨੂੰ ਪਾਕਿਸਤਾਨ ਵਿਰੁੱਧ ਮੈਚ ‘ਚ ਨਹੀਂ ਖੇਡੇਗੀ।
ਇਸ ਸੰਬੰਧੀ ਕੇਦਾਰ ਜਾਧਵ ਨੇ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਭਾਰਤ ਨੂੰ ਏਸ਼ੀਆ ਕੱਪ 2025 ‘ਚ ਨਹੀਂ ਖੇਡਣਾ ਚਾਹੀਦਾ। ਜਿੱਥੋਂ ਤੱਕ ਭਾਰਤ ਦਾ ਸਵਾਲ ਹੈ, ਭਾਰਤ ਜਦੋਂ ਵੀ ਖੇਡਿਆ ਹੈ, ਉਹ ਹਮੇਸ਼ਾ ਜਿੱਤਿਆ ਹੈ, ਪਰ ਇਹ ਮੈਚ ਨਹੀਂ ਖੇਡਿਆ ਜਾਣਾ ਚਾਹੀਦਾ। ਇਹ ਮੈਚ ਬਿਲਕੁਲ ਨਹੀਂ ਖੇਡਿਆ ਜਾਣਾ ਚਾਹੀਦਾ ਅਤੇ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਹ ਮੈਚ ਨਹੀਂ ਖੇਡਿਆ ਜਾਵੇਗਾ।’ ਪਿਛਲੇ ਮਹੀਨੇ, ਯੁਵਰਾਜ ਸਿੰਘ ਦੀ ਅਗਵਾਈ ਵਾਲੀ ਇੰਡੀਆ ਚੈਂਪੀਅਨਜ਼ ਟੀਮ ਨੇ ਵਿਸ਼ਵ ਚੈਂਪੀਅਨਸ਼ਿਪ ਲੀਗ ‘ਚ ਪਾਕਿਸਤਾਨ ਵਿਰੁੱਧ ਮੈਚ ਦਾ ਬਾਈਕਾਟ ਕੀਤਾ ਸੀ। ਗਰੁੱਪ ਪੜਾਅ ਤੋਂ ਬਾਅਦ, ਭਾਰਤ ਨੇ ਸੈਮੀਫਾਈਨਲ ‘ਚ ਵੀ ਪਾਕਿਸਤਾਨ ਨਾਲ ਨਾ ਖੇਡਣ ਦਾ ਫੈਸਲਾ ਕੀਤਾ, ਜਿਸ ਕਾਰਨ ਪਾਕਿਸਤਾਨ ਫਾਈਨਲ ‘ਚ ਪਹੁੰਚ ਗਿਆ ਜਿੱਥੇ ਪਾਕਿਸਤਾਨ ਨੂੰ ਦੱਖਣੀ ਅਫਰੀਕਾ ਨੇ ਹਰਾ ਦਿੱਤਾ|
ਜਿਕਰਯੋਗ ਹੈ ਕਿ ਏਸ਼ੀਆ ਕੱਪ 9 ਤੋਂ 28 ਸਤੰਬਰ ਤੱਕ ਯੂਏਈ ‘ਚ ਹੋਣਾ ਹੈ। ਭਾਰਤੀ ਟੀਮ ਏਸ਼ੀਆ ਕੱਪ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ 10 ਸਤੰਬਰ ਨੂੰ ਯੂਏਈ ਵਿਰੁੱਧ ਕਰੇਗੀ। ਇਸ ਤੋਂ ਬਾਅਦ ਇਹ 14 ਸਤੰਬਰ ਨੂੰ ਪਾਕਿਸਤਾਨ ਨਾਲ ਇੱਕ ਮੈਚ ਖੇਡੇਗੀ ਅਤੇ ਫਿਰ ਗਰੁੱਪ ਪੜਾਅ ‘ਚ ਇਸਦਾ ਆਖਰੀ ਮੈਚ 19 ਸਤੰਬਰ ਨੂੰ ਓਮਾਨ ਵਿਰੁੱਧ ਖੇਡਿਆ ਜਾਵੇਗਾ।
Read More: ਭਾਰਤੀ ਟੀਮ ਨੂੰ ਏਸ਼ੀਆ ਕੱਪ ‘ਚ ਪਾਕਿਸਤਾਨ ਨਾਲ ਮੈਚ ਨਹੀਂ ਖੇਡਣਾ ਚਾਹੀਦਾ: ਹਰਭਜਨ ਸਿੰਘ