ਹੜ੍ਹ

ਫਾਜ਼ਿਲਕਾ ਦੇ ਕਈਂ ਪਿੰਡ ਹੜ੍ਹ ਦੀ ਲਪੇਟ ‘ਚ, ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ

ਫਾਜ਼ਿਲਕਾ, 18 ਅਗਸਤ 2025: ਪੰਜਾਬ ਦੇ ਫਾਜ਼ਿਲਕਾ ਦੇ ਸਰਹੱਦੀ ਇਲਾਕੇ ‘ਚ ਸਤਲੁਜ ਦਰਿਆ ਦੇ ਹੜ੍ਹ ਨੇ ਤਬਾਹੀ ਮਚਾਈ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਸਰਹੱਦੀ ਇਲਾਕਿਆਂ ਦੇ ਇੱਕ ਦਰਜਨ ਤੋਂ ਵੱਧ ਪਿੰਡਾਂ ‘ਚ ਸੈਂਕੜੇ ਏਕੜ ਫਸਲ ਪਾਣੀ ਦੀ ਮਾਰ ਹੇਠ ਆ ਚੁੱਕੀ ਹੈ। ਇਸ ਤੋਂ ਇਲਾਵਾ ਪਿੰਡਾਂ ਦੇ ਪਿੰਡਾਂ ‘ਚ ਰਹਿਣ ਵਾਲੇ ਕਈ ਲੋਕਾਂ ਦੇ ਘਰ ਵੀ ਪਾਣੀ ਦੀ ਮਾਰ ਹੇਠ ਆ ਚੁੱਕੇ ਹਨ, ਜਿਸ ਕਾਰਨ ਘਰਾਂ ਨੂੰ ਨੁਕਸਾਨ ਹੋਣ ਦਾ ਖ਼ਤਰਾ ਹੈ।

ਸਰਹੱਦੀ ਪਿੰਡ ਝੰਗੜ ਭੈਣੀ ਦੇ ਵਸਨੀਕ ਸਤਨਾਮ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਲਗਭਗ 300 ਏਕੜ ਫਸਲ ਹੜ੍ਹ ਨਾਲ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਦਰਿਆ ਦੇ ਕੰਢੇ ਸਥਿਤ ਕਈ ਘਰ ਵੀ ਪਾਣੀ ਦੀ ਮਾਰ ਹੇਠ ਆ ਗਏ ਹਨ।

ਇਸੇ ਤਰ੍ਹਾਂ ਪਿੰਡ ਰਾਮ ਸਿੰਘ ਵਾਲੀ ਭੈਣੀ ਦੇ ਵਸਨੀਕ ਓਮ ਸਿੰਘ, ਸੁਖਵਿੰਦਰ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਹੜ੍ਹ ਕਾਰਨ ਉਨ੍ਹਾਂ ਦੇ ਪਿੰਡ ਦੀ 250 ਏਕੜ ਤੋਂ ਵੱਧ ਫਸਲ ਤਬਾਹ ਹੋ ਗਈ ਹੈ ਅਤੇ ਕੁਝ ਘਰਾਂ ਦੇ ਨੇੜੇ ਵੀ ਪਾਣੀ ਪਹੁੰਚ ਗਿਆ ਹੈ, ਜਿਸ ਕਾਰਨ ਘਰਾਂ ਨੂੰ ਵੀ ਨੁਕਸਾਨ ਹੋਣ ਦਾ ਡਰ ਹੈ। ਇਸਦੇ ਨਾਲ ਹੀ ਕਿਸਾਨਾਂ ਦੀ ਪਿੰਡ ਰੇਤੇ ਵਾਲੀ ਭੈਣੀ ਦੀ ਕਰੀਬ 500-600 ਏਕੜ ਫਸਲ ਹੜ੍ਹ ਨਾਲ ਨੁਕਸਾਨੀ ਗਈ । ਇਸਦੇ ਨਾਲ ਕਈ ਪਿੰਡਾਂ ਹੜ੍ਹ ਦੀ ਲਪੇਟ ‘ਚ ਹਨ ਅਤੇ ਫਸਲਾਂ ਨੂੰ ਨੁਕਸਾਨ ਹੋਇਆ ਹੈ |

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਹੱਦੀ ਪਿੰਡਾਂ ਦੋਨਾ ਨਾਨਕਾ, ਤੇਜਾਰੂ ਹੇਲਾ, ਚੱਕਰੂ ਹੇਲਾ, ਮੁਹਰ ਜਮਸ਼ੇਰ, ਗੁੱਦੜ ਭੈਣੀ ਅਤੇ ਨੇੜਲੇ ਹੋਰ ਪਿੰਡਾਂ ਦੀਆਂ ਸੈਂਕੜੇ ਏਕੜ ਫਸਲਾਂ ਹੜ੍ਹ ਦੀ ਲਪੇਟ ‘ਚ ਆ ਗਈਆਂ ਹਨ। ਇਸ ਤੋਂ ਇਲਾਵਾ ਕਈ ਘਰਾਂ ਦੇ ਨੁਕਸਾਨ ਹੋਣ ਦਾ ਖ਼ਤਰਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡਾਂ ਤੋਂ ਇਲਾਵਾ, ਨੇੜਲੇ ਕਈ ਪਿੰਡਾਂ ਦੀ 3000 ਏਕੜ ਫਸਲ ਹੜ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਲੋਕਾਂ ਦਾ ਦੋਸ਼ ਹੈ ਕਿ ਅਜੇ ਤੱਕ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਨਹੀਂ ਪਹੁੰਚਿਆ ਹੈ।

Read More: ਮੌਸਮ ਤਾਜ਼ਾ ਅੱਪਡੇਟ: ਮੀਂਹ ਲਈ ਪੀਲਾ ਅਲਰਟ ਜਾਰੀ, ਪੰਜਾਬ ਦੇ ਪਿੰਡਾਂ ‘ਚ ਬਣੇ ਹੜ੍ਹ ਵਰਗੇ ਹਾਲਾਤ

Scroll to Top