ਜਲ੍ਹਿਆਂਵਾਲਾ ਬਾਗ

NCB ਵੱਲੋਂ ਜਲ੍ਹਿਆਂਵਾਲਾ ਬਾਗ ‘ਚ ਨੁੱਕੜ ਨਾਟਕ, ਨਸ਼ਿਆਂ ਖ਼ਿਲਾਫ ਦਿੱਤਾ ਸਖ਼ਤ ਸੁਨੇਹਾ

ਅੰਮ੍ਰਿਤਸਰ, 15 ਅਗਸਤ 2025: ਨਸ਼ਿਆਂ ਅਤੇ ਗੈਰ-ਕਾਨੂੰਨੀ ਨਸ਼ਾ ਤਸਕਰੀ ਖ਼ਿਲਾਫ ਲੋਕਾਂ ‘ਚ ਜਾਗਰੂਕਤਾ ਪੈਦਾ ਕਰਨ ਦੇ ਟੀਚੇ ਨਾਲ ਨਾਰਕੋਟਿਕਸ ਕੰਟਰੋਲ ਬਿਊਰੋ (NCB) ਵੱਲੋਂ ਸ਼ੁੱਕਰਵਾਰ ਨੂੰ ਇਤਿਹਾਸਕ ਜਲ੍ਹਿਆਂਵਾਲਾ ਬਾਗ ਵਿਖੇ ਇੱਕ ਨੁੱਕੜ ਨਾਟਕ ਕੀਤਾ ਗਿਆ। ਇਸ ਪ੍ਰੋਗਰਾਮ ‘ਚ ਵਿਭਾਗ ਦੇ ਉੱਤਰ ਪੱਛਮੀ ਜ਼ੋਨ ਦੇ ਡਿਪਟੀ ਡਾਇਰੈਕਟਰ ਜਨਰਲ ਅਤੇ ਜੁਆਇੰਟ ਡਾਇਰੈਕਟਰ ਖ਼ਾਸ ਤੌਰ ‘ਤੇ ਮੌਜੂਦ ਰਹੇ। ਇਸ ਪ੍ਰੋਗਰਾਮ ਦਾ ਮੁੱਖ ਵਿਸ਼ਾ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਸਮਾਜਿਕ ਰਿਸ਼ਤਿਆਂ ਦੇ ਹੋ ਰਹੇ ਘਾਣ ਸਬੰਧੀ ਜਾਗਰੂਕ ਕਰਨਾ ਸੀ।

ਇਸ ਮੌਕੇ ਐਨਸੀਬੀ ਦੇ ਮੁੱਖ ਬੁਲਾਰੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਅੰਗਰੇਜ਼ਾਂ ਤੋਂ ਤਾਂ ਆਜ਼ਾਦੀ ਮਿਲ ਗਈ ਸੀ, ਪਰ ਸਾਡੇ ਲੋਕ ਇਹਨਾਂ ਨਸ਼ਿਆਂ ਦੇ ਗੁਲਾਮ ਬਣ ਗਏ ਹਨ। ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਇੱਕ ਗੰਭੀਰ ਵਿਸ਼ਵਵਿਆਪੀ ਮੁੱਦਾ ਬਣਿਆ ਹੋਇਆ ਹੈ। ਇਹ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ, ਪਰਿਵਾਰਾਂ ਨੂੰ ਤੋੜਦਾ ਹੈ ਅਤੇ ਭਾਈਚਾਰਿਆਂ ਨੂੰ ਕਮਜ਼ੋਰ ਕਰਦਾ ਹੈ।

ਇਸਦੇ ਪ੍ਰਭਾਵ ਸਿਰਫ਼ ਨਸ਼ੇ ਤੱਕ ਸੀਮਿਤ ਨਹੀਂ ਹਨ। ਇਹ ਲੰਬੇ ਸਮੇਂ ਲਈ ਸਰੀਰਕ, ਮਾਨਸਿਕ ਅਤੇ ਸਮਾਜਿਕ ਨੁਕਸਾਨ ਦਾ ਕਾਰਨ ਬਣਦਾ ਹੈ। ਅੱਜ ਦੇ ਸਮੇਂ ‘ਚ ਨੌਜਵਾਨ ਨਸ਼ੇ ਕਾਰਨ ਆਪਣੀ ਜ਼ਿੰਦਗੀ ਨੂੰ ਹਨੇਰਾ ਬਣਾ ਰਹੇ ਹਨ। ਉਨ੍ਹਾਂ ਨੂੰ ਇਸ ਤਰ੍ਹਾਂ ਦਾ ਕੰਮ ਛੱਡ ਕੇ ਦੇਸ਼ ਲਈ ਕੁਝ ਚੰਗਾ ਕਰਨਾ ਚਾਹੀਦਾ ਹੈ ਅਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸਦੇ ਨਾਲ ਹੀ ਲੋਕਾਂ ਨੂੰ ਜ਼ਿੰਦਗੀ ਦੀ ਕੀਮਤ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਆਲੇ ਦੁਆਲੇ ਦੇ ਹੋਰ ਲੋਕਾਂ ਨੂੰ ਨਸ਼ਿਆਂ ਵਿਰੁੱਧ ਪ੍ਰੇਰਿਤ ਕਰਨਾ ਚਾਹੀਦਾ ਹੈ।

ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਨੁੱਕੜ ਨਾਟਕ ਰਾਹੀਂ ਸਮਾਜ ’ਤੇ ਨਸ਼ਿਆਂ ਦੇ ਤਬਾਹੀਭਰੇ ਪ੍ਰਭਾਵ, ਪਰਿਵਾਰਕ ਟੁੱਟ-ਫੁੱਟ ਅਤੇ ਜਵਾਨੀ ਦੇ ਭਟਕਾਅ ਨੂੰ ਦਰਸਾਇਆ ਗਿਆ। ਇਸਦੇ ਨਾਲ ਹੀ ਇਹ ਵੀ ਦਰਸਾਇਆ ਕਿ ਕਿਵੇਂ ਗੈਰ-ਕਾਨੂੰਨੀ ਨਸ਼ਾ ਤਸਕਰੀ ਨਾ ਸਿਰਫ਼ ਵਿਅਕਤੀਗਤ ਜੀਵਨ, ਸਗੋਂ ਦੇਸ਼ ਦੀ ਸੁਰੱਖਿਆ ਅਤੇ ਆਰਥਿਕਤਾ ਲਈ ਵੀ ਵੱਡਾ ਖ਼ਤਰਾ ਹੈ।

ਨੁੱਕੜ ਨਾਟਕ ਮੌਕੇ ਦਰਸ਼ਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਿਹਤਮੰਦ ਜੀਵਨਸ਼ੈਲੀ ਅਪਣਾਉਣ ਅਤੇ ਸ਼ੱਕੀ ਗਤੀਵਿਧੀਆਂ ਦੀ ਜਾਣਕਾਰੀ ਫੌਰੀ ਤੌਰ ‘ਤੇ NCB ਜਾਂ ਸਥਾਨਕ ਪ੍ਰਸ਼ਾਸਨ ਨੂੰ ਦੇਣ ਦੀ ਅਪੀਲ ਕੀਤੀ। ਇਸ ਪ੍ਰੋਗਰਾਮ ‘ਚ ਸ਼ਹਿਰ ਵਾਸੀਆਂ, ਵਿਦਿਆਰਥੀਆਂ ਅਤੇ ਯੁਵਾ ਅਦਾਰਿਆਂ ਨੇ ਵੱਡੀ ਗਿਣਤੀ ‘ਚ ਹਿੱਸਾ ਲਿਆ ਅਤੇ ਨਾਟਕ ਦੀ ਸ਼ਲਾਘਾ ਕੀਤੀ। ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ ‘ਤੇ ਵੀ ਜ਼ੋਰ ਦਿੱਤਾ ਗਿਆ।

ਨਾਰਕੋਟਿਕਸ ਕੰਟਰੋਲ ਬਿਊਰੋ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਕਿ ਸ਼ਨੀਵਾਰ ਨੂੰ ਅਟਾਰੀ ਸਰਹੱਦ ਦੇ ਮੰਚ ਤੋਂ ਵੀ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ ਜਾਵੇਗਾ, ਤਾਂ ਜੋ ਨਸ਼ਿਆਂ ਦੀ ਸਮੱਸਿਆ ਨੂੰ ਜੜ ਤੋਂ ਖ਼ਤਮ ਕੀਤਾ ਜਾ ਸਕੇ।

Read More: ਪੰਜਾਬ ਪੁਲਿਸ ਵੱਲੋਂ ਬੀਕੇਆਈ ਮਾਡਿਊਲ ਦੇ 2 ਕਾਰਕੁਨ ਗ੍ਰਿਫ਼ਤਾਰ, ਹਥਿਆਰ ਬਰਾਮਦ

Scroll to Top