ਫਰੀਦਕੋਟ, 13 ਅਗਸਤ 2025: ਫਰੀਦਕੋਟ ਵਿਖੇ ਆਜ਼ਾਦੀ ਦਿਵਸ 2025 ‘ਤੇ ਪੰਜਾਬ ਸਰਕਾਰ ਦੇ ਸੂਬਾ ਪੱਧਰੀ ਸਮਾਗਮ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 1,600 ਨਵੇਂ ਪੁਲਿਸ ਮੁਲਾਜ਼ਮਾਂ ਦੀ ਭਰਤੀ ਕੀਤੀ ਜਾ ਰਹੀ ਹੈ ਹਾਲਾਂਕਿ, ਪਹਿਲਾਂ ਇਨ੍ਹਾਂ ਅਹੁਦਿਆਂ ‘ਤੇ ਤਾਇਨਾਤ ਕਰਮਚਾਰੀਆਂ ਨੂੰ ਤਰੱਕੀ ਦਿੱਤੀ ਜਾਵੇਗੀ।
ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਦੇ ਹਿੱਸੇ ਵਜੋਂ, ਅਸੀਂ ਇੱਕ ਨਵੀਂ ਇਨਾਮ ਨੀਤੀ ਲਾਗੂ ਕਰ ਰਹੇ ਹਾਂ। ਹੁਣ 1 ਕਿਲੋ ਹੈਰੋਇਨ ਫੜਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ 1.20 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ । ਉਨ੍ਹਾਂ ਕਿਹਾ ਕਿ ਹੁਣ ਐਨ.ਡੀ.ਪੀ.ਐਸ ਮਾਮਲਿਆਂ ਦੀ ਜਾਂਚ ਹੈੱਡ ਕਾਂਸਟੇਬਲ ਨੂੰ ਸੌਂਪੀ ਜਾ ਰਹੀ ਹੈ।
ਆਪਣੇ ਭਾਸ਼ਣ ‘ਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੀ ਆਜ਼ਾਦੀ ‘ਚ 80 ਫੀਸਦੀ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਲਾਸ਼ਾਂ ਨਾਲ ਭਰੀਆਂ ਗੱਡੀਆਂ ਇੱਥੇ ਪਹੁੰਚੀਆਂ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਅਤੇ ਕਾਰਗਿਲ ਯੁੱਧ ਦੇ ਨਾਇਕਾਂ ਦਾ ਸਨਮਾਨ ਕੀਤਾ। ਰਾਜਸਥਾਨ ਆਰਮਡ ਪੁਲਿਸ ਫੋਰਸ ਦੀ ਇੱਕ ਟੁਕੜੀ ਨੇ ਵੀ ਇਸ ਪ੍ਰੋਗਰਾਮ ‘ਚ ਹਿੱਸਾ ਲਿਆ। ਮੁੱਖ ਮੰਤਰੀ ਨੇ ਵੱਖ-ਵੱਖ ਖੇਤਰਾਂ ‘ਚ ਸ਼ਾਨਦਾਰ ਕੰਮ ਕਰਨ ਵਾਲੀਆਂ 26 ਸਖ਼ਸ਼ੀਅਤਾਂ ਅਤੇ ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸ਼ਹੀਦਾਂ ਨੂੰ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਹਾਂ। 19 ਹਜ਼ਾਰ ਕਿਲੋਮੀਟਰ ਸੜਕਾਂ ਨੂੰ ਬਿਹਤਰ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਸੜਕਾਂ ਦੀ ਨਿਸ਼ਾਨਦੇਹੀ ਕੀਤੀ ਹੈ। ਬਰਸਾਤ ਦਾ ਮੌਸਮ ਖਤਮ ਹੋਣ ਤੋਂ ਤੁਰੰਤ ਬਾਅਦ, ਕੰਮ ਸ਼ੁਰੂ ਹੋ ਜਾਵੇਗਾ। ਪਿੰਡ ਦੇ ਤਲਾਬਾਂ ਨੂੰ ਸੁਧਾਰਨ ਲਈ ਥਾਪਰ ਅਤੇ ਸਿੰਚੇਵਾਲ ਮਾਡਲ ਦੀ ਵਰਤੋਂ ਕਰਕੇ ਕੰਮ ਚੱਲ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਨੰਬਰ ਇੱਕ ਬਣਾਏ ਬਿਨਾਂ ਦੇਸ਼ ਨੰਬਰ ਇੱਕ ਨਹੀਂ ਬਣ ਸਕਦਾ। ਪੰਜਾਬੀ ਹਰ ਕੁਰਬਾਨੀ ਲਈ ਤਿਆਰ ਹਨ – ਭਾਵੇਂ ਉਹ ਅਨਾਜ ਪੈਦਾ ਕਰਨ ਦਾ ਹੋਵੇ, ਸਰਹੱਦ ‘ਤੇ ਜ਼ਿੰਮੇਵਾਰੀ ਸੰਭਾਲਣ ਦਾ ਹੋਵੇ ਜਾਂ ਖੇਡਾਂ ‘ਚ ਤਰੱਕੀ ਕਰਨ ਦਾ ਹੋਵੇ। ਪੰਜਾਬ ਦੀ ਚਮਕ ਨੂੰ ਫਿੱਕਾ ਨਹੀਂ ਪੈਣ ਦੇਣਾ ਚਾਹੀਦਾ। ਇਸਦੀ ਤਰੱਕੀ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ।
Read More: ਆਜ਼ਾਦੀ ਦਿਵਸ ‘ਤੇ ਪੰਜਾਬ ਪੁਲਿਸ ਦੇ 15 ਅਧਿਕਾਰੀਆਂ ਨੂੰ ਮਿਲੇਗਾ ਮੁੱਖ ਮੰਤਰੀ ਮੈਡਲ ਸਨਮਾਨ