ਡਾ. ਐਸ ਜੈਸ਼ੰਕਰ

ਅਜੀਤ ਡੋਭਾਲ ਤੋਂ ਬਾਅਦ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਕਰ ਸਕਦੇ ਨੇ ਰੂਸ ਦੌਰਾ

ਵਿਦੇਸ਼, 13 ਅਗਸਤ 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ‘ਤੇ 50 ਫੀਸਦੀ ਟੈਰਿਫ ਲਗਾਉਣ ਤੋਂ ਬਾਅਦ, ਭਾਰਤ ਅਤੇ ਰੂਸ ਦੇ ਸਬੰਧ ਬਹੁਤ ਨਜ਼ਦੀਕੀ ਹੁੰਦੇ ਜਾ ਰਹੇ ਹਨ। ਹਾਲ ਹੀ ‘ਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ (Ajit Doval) ਨੇ ਰੂਸ ਦਾ ਦੌਰਾ ਕੀਤਾ ਅਤੇ ਮਾਸਕੋ ‘ਚ ਰੂਸੀ ਰਾਸ਼ਟਰਪਤੀ ਪੁਤਿਨ ਦੇ ਨਾਲ-ਨਾਲ ਕਈ ਚੋਟੀ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਹੁਣ ਖ਼ਬਰ ਹੈ ਕਿ ਭਾਰਤੀ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਵੀ ਛੇਤੀ ਹੀ ਰੂਸ ਦਾ ਦੌਰਾ ਕਰਨਗੇ ਅਤੇ ਉੱਥੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਮੁਲਾਕਾਤ ਕਰਨਗੇ।

ਰੂਸੀ ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਇੱਕ ਪੋਸਟ ‘ਚ ਕਿਹਾ ਕਿ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ 21 ਅਗਸਤ ਨੂੰ ਮਾਸਕੋ ‘ਚ ਮੁਲਾਕਾਤ ਕਰਨਗੇ। ਇਸ ਮੁਲਾਕਾਤ ‘ਚ ਅੰਤਰਰਾਸ਼ਟਰੀ ਢਾਂਚੇ ਦੇ ਤਹਿਤ ਕਈ ਮਹੱਤਵਪੂਰਨ ਮੁੱਦਿਆਂ ‘ਤੇ ਸਹਿਯੋਗ ‘ਤੇ ਚਰਚਾ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ‘ਤੇ ਵੀ ਚਰਚਾ ਕੀਤੀ ਜਾਵੇਗੀ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਸਾਲ ਦੇ ਅੰਤ ‘ਚ ਭਾਰਤ ਦਾ ਦੌਰਾ ਕਰ ਸਕਦੇ ਹਨ। ਅਜਿਹੀ ਸਥਿਤੀ ‘ਚ, ਦੋਵਾਂ ਆਗੂਆਂ ਦੀ ਬੈਠਕ ‘ਚ ਪੁਤਿਨ ਦੇ ਦੌਰੇ ਦੀਆਂ ਤਿਆਰੀਆਂ ‘ਤੇ ਵੀ ਚਰਚਾ ਕੀਤੀ ਜਾ ਸਕਦੀ ਹੈ।

ਵਿਦੇਸ਼ ਮੰਤਰੀ ਜੈਸ਼ੰਕਰ ਦਾ ਰੂਸ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਭਾਰਤ ਅਤੇ ਅਮਰੀਕਾ ਦੇ ਸਬੰਧਾਂ ‘ਚ ਕੁਝ ਕੁੜੱਤਣ ਹੈ। ਅਮਰੀਕਾ ਨੇ ਰੂਸ ਤੋਂ ਤੇਲ ਖਰੀਦਣ ਅਤੇ ਕਥਿਤ ਤੌਰ ‘ਤੇ ਯੂਕਰੇਨ ਯੁੱਧ ਨੂੰ ਉਤਸ਼ਾਹਿਤ ਕਰਨ ਲਈ ਭਾਰਤ ‘ਤੇ ਟੈਰਿਫ ਲਗਾਇਆ ਹੈ। ਇਸਦੇ ਨਾਲ ਹੀ, ਅਮਰੀਕੀ ਸਰਕਾਰ ਇਨ੍ਹੀਂ ਦਿਨੀਂ ਪਾਕਿਸਤਾਨ ਨਾਲ ਆਪਣੀ ਨੇੜਤਾ ਵਧਾਉਣ ‘ਚ ਰੁੱਝੀ ਹੋਈ ਹੈ। ਅਜਿਹੀ ਸਥਿਤੀ ‘ਚ, ਭਾਰਤ ਵੀ ਆਪਣੇ ਸਾਰੇ ਵਿਕਲਪਾਂ ‘ਤੇ ਵਿਚਾਰ ਕਰ ਰਿਹਾ ਹੈ।

ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਰੂਸ ਫੇਰੀ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਫੌਜੀ ਤਕਨਾਲੋਜੀ ਸਹਿਯੋਗ ਨਾਲ ਜੁੜੇ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ। ਭਾਰਤ ‘ਚ ਰੂਸੀ ਦੂਤਾਵਾਸ ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਸੀ। ਇਸ ਤੋਂ ਇਲਾਵਾ, ਸਿਵਲੀਅਨ ਜਹਾਜ਼ ਨਿਰਮਾਣ, ਧਾਤ ਉਦਯੋਗ ਅਤੇ ਰਸਾਇਣਕ ਉਦਯੋਗ ਵਰਗੇ ਹੋਰ ਰਣਨੀਤਕ ਖੇਤਰਾਂ ‘ਚ ਸਾਂਝੇ ਪ੍ਰੋਜੈਕਟਾਂ ਨੂੰ ਲਾਗੂ ਕਰਨ ‘ਤੇ ਗੱਲਬਾਤ ਕੀਤੀ ਗਈ।

Read More: PM ਮੋਦੀ ਨੇ ਵਲਾਦੀਮੀਰ ਪੁਤਿਨ ਨਾਲ ਕੀਤੀ ਗੱਲਬਾਤ, ਭਾਰਤ ਆਉਣ ਦਾ ਦਿੱਤਾ ਸੱਦਾ

Scroll to Top