ਚੰਡੀਗੜ੍ਹ, 12 ਅਗਸਤ 2025: ਪੰਜਾਬ ਦੇ ਵਿੱਤ ਮੰਤਰੀ ਅਤੇ ਯੁੱਧ ਨਸ਼ਿਆਂ ਵਿਰੁੱਧ’ ਬਾਰੇ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸੇਫ਼ ਪੰਜਾਬ ਪੋਰਟਲ ਸਦਕਾ ਇੱਕ ਸਾਲ ‘ਚ 5,000 ਤੋਂ ਵੱਧ ਐਫ.ਆਈ.ਆਰ ਦਰਜ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਅਗਸਤ 2024 ‘ਚ ਨਸ਼ਾ ਤਸਕਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਹੌਟਸਪੌਟਸ ਬਾਰੇ ਜਨਤਕ ਜਾਣਕਾਰੀ ਅਤੇ ਸੁਝਾਅ ਇਕੱਠੇ ਕਰਨ ਲਈ ਸ਼ੁਰੂ ਕੀਤੇ ਗਏ ਵਟਸਐਪ ਚੈਟਬੋਟ ਨੇ 32 ਪ੍ਰਤੀਸ਼ਤ ਦੀ ਪ੍ਰਸ਼ੰਸਾਯੋਗ ਪਰਿਵਰਤਨ ਦਰ ਪ੍ਰਾਪਤ ਕੀਤੀ ਹੈ, ਯਾਨੀ ਜਨਤਾ ਤੋਂ ਪ੍ਰਾਪਤ ਜਾਣਕਾਰੀ ਨੂੰ ਠੋਸ ਪੁਲਿਸ ਕਾਰਵਾਈ ‘ਚ ਬਦਲ ਦਿੱਤਾ ਗਿਆ ਹੈ।
ਪੰਜਾਬ ਭਵਨ ਵਿਖੇ ਕਰਵਾਏ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਟਸਐਪ ਚੈਟਬੋਟ, ਜੋ ਕਿ 9779100200 ‘ਤੇ ਉਪਲਬੱਧ ਹੈ, ਉਨ੍ਹਾਂ ਨੂੰ ਭਾਰੀ ਜਨਤਕ ਸਮਰਥਨ ਮਿਲਿਆ ਹੈ ਅਤੇ ਇਸ ਨੇ ਸੇਫ਼ ਪੰਜਾਬ ਪੋਰਟਲ ਨੂੰ ਪੁਲਿਸ-ਜਨਤਕ ਸਹਿਯੋਗ ਦੇ ਮਾਮਲੇ ‘ਚ ਦੇਸ਼ ਦੇ ਸਭ ਤੋਂ ਪ੍ਰਭਾਵਸ਼ਾਲੀ ਪੋਰਟਲਾਂ ‘ਚੋਂ ਇੱਕ ਬਣਾ ਦਿੱਤਾ ਹੈ।
ਉਨ੍ਹਾਂ ਦੱਸਿਆ ਉਕਤ ਪੋਰਟਲ ਖੁਫੀਆ ਜਾਣਕਾਰੀ ਦਾ ਇੱਕ ਮਹੱਤਵਪੂਰਨ ਸਰੋਤ ਅਤੇ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ‘ਚ ਇੱਕ ਸ਼ਕਤੀਸ਼ਾਲੀ ਹਥਿਆਰ ਬਣਿਆ ਹੈ, ਜੋ ਕਿ 1 ਮਾਰਚ 2025 ਨੂੰ ਅਧਿਕਾਰਤ ਤੌਰ ‘ਤੇ ਪੰਜਾਬ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਯਤਨਾਂ ਨੂੰ ਹੋਰ ਤੇਜ਼ ਕਰਨ ਲਈ ਸ਼ੁਰੂ ਕੀਤੀ ਗਈ ਸੀ। ਵਿੱਤ ਮੰਤਰੀ ਨੇ ਕਿਹਾ ਕਿ ਇਸਦੀ ਸ਼ੁਰੂਆਤ ਤੋਂ ਬਾਅਦ ਐਨਡੀਪੀਐਸ ਐਕਟ ਤਹਿਤ ਕੁੱਲ 16,322 ਮਾਮਲੇ ਦਰਜ ਕੀਤੇ ਹਨ, ਇਨ੍ਹਾਂ ‘ਚ 25,552 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਦੀਆਂ 182 ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹ ਦਿੱਤਾ ਹੈ। ਇਸਦੇ ਨਾਲ ਹੀ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ‘ਚ 1,054 ਕਿਲੋਗ੍ਰਾਮ ਹੈਰੋਇਨ, 21,534 ਕਿਲੋਗ੍ਰਾਮ ਭੁੱਕੀ, 366 ਕਿਲੋਗ੍ਰਾਮ ਅਫੀਮ ਅਤੇ 30 ਲੱਖ ਤੋਂ ਵੱਧ ਗੋਲੀਆਂ, ਕੈਪਸੂਲ ਅਤੇ ਨਸ਼ੀਲੇ ਪਦਾਰਥ ਸ਼ਾਮਲ ਹਨ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਕਾਲੀ-ਭਾਜਪਾ ਗੱਠਜੋੜ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਅਤੇ ਉਨ੍ਹਾਂ ‘ਤੇ ਇੱਕ ਦਹਾਕੇ ਦੀ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ। ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਸੱਤਾ ‘ਚ ਆਉਣ ਦੇ ਪਹਿਲੇ ਦਿਨ ਤੋਂ ਹੀ ਇਸ ਬੁਰਾਈ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਮਿਸ਼ਨ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਰਾਹੀਂ ਇਸ ਨੂੰ ਸੂਬੇ ‘ਚੋਂ ਉਖਾੜ ਦਿੱਤਾ ਜਾਵੇਗਾ।
Read More: ਆਜ਼ਾਦੀ ਦਿਵਸ ਮੱਦੇਨਜ਼ਰ ਹਾਈ ਅਲਰਟ ‘ਤੇ ਜਲੰਧਰ ਪੁਲਿਸ, ਵਾਹਨਾਂ ਦੀ ਕੀਤੀ ਚੈਕਿੰਗ