ਦੇਸ਼, 12 ਅਗਸਤ 2025: ਲੋਕ ਸਭਾ ਦੀ ਕਾਰਵਾਈ ਇੱਕ ਵਾਰ ਫਿਰ ਸ਼ੁਰੂ ਹੋ ਗਈ ਹੈ। ਇਸ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ 31 ਜੁਲਾਈ ਨੂੰ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਯਸ਼ਵੰਤ ਵਰਮਾ ਨੂੰ ਹਟਾਉਣ ਦਾ ਪ੍ਰਸਤਾਵ ਮਿਲਿਆ ਸੀ। ਇਸ ਮਾਮਲੇ ‘ਚ ਇੱਕ ਕਮੇਟੀ ਦਾ ਐਲਾਨ ਵੀ ਕੀਤਾ ਗਿਆ ਸੀ।
ਸਪੀਕਰ ਓਮ ਬਿਰਲਾ ਨੇ ਮੰਗਲਵਾਰ ਨੂੰ ਮਹਾਂਦੋਸ਼ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਸਪੀਕਰ ਨੇ ਕਿਹਾ, ‘ਮੈਨੂੰ ਰਵੀ ਸ਼ੰਕਰ ਪ੍ਰਸਾਦ ਅਤੇ ਵਿਰੋਧੀ ਧਿਰ ਦੇ ਆਗੂਆਂ ਸਮੇਤ ਕੁੱਲ 146 ਮੈਂਬਰਾਂ ਦੇ ਦਸਤਖਤ ਵਾਲਾ ਪ੍ਰਸਤਾਵ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਪ੍ਰਸਤਾਵ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਯਸ਼ਵੰਤ ਵਰਮਾ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰਦਾ ਹੈ। ਸਪੀਕਰ ਨੇ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ‘ਚ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ 1-1 ਜੱਜ ਅਤੇ 1 ਕਾਨੂੰਨੀ ਮਾਹਰ ਸ਼ਾਮਲ ਹਨ।
ਜਸਟਿਸ ਯਸ਼ਵੰਤ ਵਰਮਾ ਮਹਾਦੋਸ਼ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਅਜਿਹੀ ਸਥਿਤੀ ‘ਚ ਉਨ੍ਹਾਂ ਨੇ ਸੁਪਰੀਮ ਕੋਰਟ ‘ਚ ਕਈ ਪਟੀਸ਼ਨਾਂ ਦਾਇਰ ਕੀਤੀਆਂ ਹਨ। ਇਹ ਤਰੀਕਾ ਸਭ ਤੋਂ ਪਹਿਲਾਂ ਜਸਟਿਸ ਵੀ ਰਾਮਾਸਵਾਮੀ ਨੇ ਅਪਣਾਇਆ ਸੀ। ਉਹ ਸੁਪਰੀਮ ਕੋਰਟ ਦੇ ਸਾਬਕਾ ਜੱਜ ਸਨ। ਉਨ੍ਹਾਂ ਨੇ ਮਹਾਂਦੋਸ਼ ਦੀ ਕਾਰਵਾਈ ਨੂੰ 3 ਸਾਲਾਂ ਤੋਂ ਵੱਧ ਸਮੇਂ ਤੱਕ ਖਿੱਚਿਆ। ਉਨ੍ਹਾਂ ਦੇ ਸਹੁਰੇ, ਪਤਨੀ ਅਤੇ ਤਾਮਿਲਨਾਡੂ ਦੇ ਇੱਕ ਸੰਸਦ ਮੈਂਬਰ ਨੇ ਇਸ ‘ਚ ਉਨ੍ਹਾਂ ਦੀ ਮੱਦਦ ਕੀਤੀ। ਹੁਣ ਜਸਟਿਸ ਯਸ਼ਵੰਤ ਵਰਮਾ ਵੀ ਇਹੀ ਕਰ ਰਹੇ ਹਨ, ਪਰ ਸੁਪਰੀਮ ਕੋਰਟ ਨੇ ਉਨ੍ਹਾਂ ਲਈ ਇਹ ਵਿਕਲਪ ਛੇਤੀ ਹੀ ਬੰਦ ਕਰ ਦਿੱਤਾ ਹੈ।
ਹੁਣ ਤੱਕ, ਸੰਸਦ ਦੇ ਮਾਨਸੂਨ ਸੈਸ਼ਨ ਦੀ ਜ਼ਿਆਦਾਤਰ ਕਾਰਵਾਈ ਹੰਗਾਮੇ ਨਾਲ ਪ੍ਰਭਾਵਿਤ ਰਹੀ ਹੈ। ਵਿਰੋਧੀ ਧਿਰ ਵੋਟਰ ਸੂਚੀ ਸੋਧ, ਕਥਿਤ ‘ਵੋਟ ਚੋਰੀ’ ਵਰਗੇ ਮੁੱਦਿਆਂ ‘ਤੇ ਸਰਕਾਰ ‘ਤੇ ਦਬਾਅ ਪਾ ਰਹੀ ਹੈ। ਅੱਜ ਵੀ ਸੰਸਦ ਦੇ ਦੋਵਾਂ ਸਦਨਾਂ ਯਾਨੀ ਲੋਕ ਸਭਾ ਅਤੇ ਰਾਜ ਸਭਾ ‘ਚ ਬਹੁਤ ਹੰਗਾਮਾ ਹੋ ਰਿਹਾ ਹੈ।
Read More: ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ‘ਮਿੰਤਾ ਦੇਵੀ’ ਨਾਮ ਵਾਲੀ ਟੀ-ਸ਼ਰਟ ਪਾ ਕੇ ਕੀਤਾ ਰੋਸ ਪ੍ਰਦਰਸ਼ਨ