ਵਿਦੇਸ਼, 11 ਅਗਸਤ 2025: ਦੋ ਦੇਸ਼ਾਂ ‘ਚ ਤਣਾਅ ਫਿਰ ਵਧ ਸਕਦਾ ਹੈ | ਦਰਅਸਲ, ਦ ਪ੍ਰਿੰਟ ਦੀ ਇੱਕ ਰਿਪੋਰਟ ‘ਚ ਦਾਅਵਾ ਕੀਤਾ ਹੈ ਕਿ ਗੁਆਂਢੀ ਮੁਲਕ ਪਾਕਿਸਤਾਨ ਦੇ ਫੀਲਡ ਮਾਰਸ਼ਲ ਅਸੀਮ ਮੁਨੀਰ ਨੇ ਭਾਰਤ ਨੂੰ ਪ੍ਰਮਾਣੂ ਯੁੱਧ ਦੀ ਧਮਕੀ ਦਿੱਤੀ ਹੈ। ਮੁਨੀਰ ਨੇ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਲਈ 10 ਮਿਜ਼ਾਈਲਾਂ ਨਾਲ ਹਮਲਾ ਕਰਕੇ ਭਾਰਤ ਨੂੰ ਤਬਾਹ ਕਰਨ ਦੀ ਗੱਲ ਕੀਤੀ।
ਅਸੀਮ ਮੁਨੀਰ ਨੇ ਕਿਹਾ, ‘ਭਾਰਤ ਦੇ ਇਸਨੂੰ ਮੁਅੱਤਲ ਕਰਨ ਦੇ ਫੈਸਲੇ ਨਾਲ 25 ਕਰੋੜ ਲੋਕਾਂ ਨੂੰ ਭੁੱਖਮਰੀ ਦਾ ਖ਼ਤਰਾ ਹੋ ਸਕਦਾ ਹੈ।’ ਉਨ੍ਹਾਂ ਨੇ ਕਿਹਾ, ‘ਅਸੀਂ ਇੱਕ ਪ੍ਰਮਾਣੂ ਸ਼ਕਤੀ ਵਾਲਾ ਦੇਸ਼ ਹਾਂ ਅਤੇ ਜੇਕਰ ਸਾਨੂੰ ਲੱਗਦਾ ਹੈ ਕਿ ਅਸੀਂ ਡੁੱਬ ਰਹੇ ਹਾਂ, ਤਾਂ ਅਸੀਂ ਅੱਧੀ ਦੁਨੀਆ ਨੂੰ ਆਪਣੇ ਨਾਲ ਲੈ ਡੁੱਬਾਂਗੇ।’
ਅਸੀਮ ਮੁਨੀਰ ਨੇ ਇਹ ਧਮਕੀ ਪਾਕਿਸਤਾਨੀ ਮੂਲ ਦੇ ਕਾਰੋਬਾਰੀ ਅਦਨਾਨ ਅਸਦ ਦੁਆਰਾ ਟੈਂਪਾ ਦੇ ਗ੍ਰੈਂਡ ਹਯਾਤ ਹੋਟਲ ‘ਚ ਕਰਵਾਏ ਇੱਕ ਡਿਨਰ ‘ਚ ਦਿੱਤੀ, ਜਿਸ ‘ਚ ਪਾਕਿਸਤਾਨੀ ਡਾਇਸਪੋਰਾ ਦੇ ਲਗਭਗ 120 ਮੈਂਬਰ ਮੌਜੂਦ ਸਨ।
ਮਹਿਮਾਨਾਂ ਨੂੰ ਡਿਨਰ ‘ਚ ਮੋਬਾਈਲ ਫੋਨ ਜਾਂ ਹੋਰ ਡਿਜੀਟਲ ਡਿਵਾਈਸ ਲਿਆਉਣ ਦੀ ਇਜਾਜ਼ਤ ਨਹੀਂ ਸੀ, ਇਸ ਲਈ ਭਾਸ਼ਣ ਦਾ ਕੋਈ ਅਧਿਕਾਰਤ ਰਿਕਾਰਡ ਨਹੀਂ ਹੈ। ਪ੍ਰਿੰਟ ਨੇ ਉੱਥੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਦੇ ਆਧਾਰ ‘ਤੇ ਜਾਣਕਾਰੀ ਦਿੱਤੀ ਹੈ।
ਇੱਕ ਰਿਪੋਰਟ ਦੇ ਮੁਤਾਬਕ ਅਸੀਮ ਮੁਨੀਰ ਨੇ ਉੱਥੇ ਕਿਹਾ ਕਿ ਮੈਂ ਸਥਿਤੀ ਨੂੰ ਸਮਝਾਉਣ ਲਈ ਇੱਕ ਸਧਾਰਨ ਉਦਾਹਰਣ ਦੇਵਾਂਗਾ। ਭਾਰਤ ਇੱਕ ਚਮਕਦਾਰ ਮਰਸੀਡੀਜ਼ ਹੈ, ਜੋ ਹਾਈਵੇਅ ‘ਤੇ ਫੇਰਾਰੀ ਵਾਂਗ ਦੌੜ ਰਿਹਾ ਹੈ, ਜਦੋਂ ਕਿ ਅਸੀਂ ਰੇਤ ਨਾਲ ਭਰੇ ਇੱਕ ਡੰਪ ਟਰੱਕ ਹਾਂ। ਜੇਕਰ ਇਹ ਟਰੱਕ ਕਾਰ ਨਾਲ ਟਕਰਾ ਜਾਂਦਾ ਹੈ, ਤਾਂ ਨੁਕਸਾਨ ਕਿਸਨੂੰ ਹੋਵੇਗਾ? ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੇ ਬਿਆਨ ਨੂੰ ਆਪਣੇ ਹੀ ਦੇਸ਼ ਦਾ ਅਪਮਾਨ ਕਿਹਾ।
ਭਾਰਤ ਨੇ 22 ਅਪ੍ਰੈਲ ਨੂੰ ਪਹਿਲਗਾਮ ‘ਚ ਹੋਏ ਅੱ.ਤ.ਵਾ.ਦੀ ਹਮਲੇ ਤੋਂ ਇੱਕ ਦਿਨ ਬਾਅਦ 24 ਅਪ੍ਰੈਲ ਨੂੰ ਪਾਕਿਸਤਾਨ ਨਾਲ 65 ਸਾਲ ਪੁਰਾਣੇ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਅੱ.ਤ.ਵਾਦੀ ਹਮਲੇ ‘ਚ 26 ਜਣੇ ਮਾਰੇ ਗਏ ਸਨ। ਭਾਰਤੀ ਜਹਾਜ਼ਾਂ ਲਈ ਹਵਾਈ ਖੇਤਰ ਬੰਦ ਕਰਨ ਕਾਰਨ ਪਾਕਿਸਤਾਨ ਨੂੰ ਦੋ ਮਹੀਨਿਆਂ ‘ਚ 127 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 23 ਅਪ੍ਰੈਲ ਨੂੰ ਭਾਰਤ ਵੱਲੋਂ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰਨ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ।
Read More: ਡੋਨਾਲਡ ਟਰੰਪ ਦੇ 50 ਫੀਸਦੀ ਟੈਰਿਫ ਦਾ ਭਾਰਤ ‘ਤੇ ਕੀ ਪ੍ਰਭਾਵ ਪਵੇਗਾ ?