ਵਿਦੇਸ਼, 06 ਅਗਸਤ 2025: PM Modi to visit China: ਪ੍ਰਧਾਨ ਮੰਤਰੀ ਮੋਦੀ ਐੱਸ.ਸੀ.ਓ. ਸੰਮੇਲਨ ‘ਚ ਸ਼ਾਮਲ ਹੋਣ ਲਈ ਚੀਨ ਜਾਣਗੇ। ਇਹ ਦੌਰਾ 31 ਅਗਸਤ ਅਤੇ 1 ਸਤੰਬਰ ਨੂੰ ਹੋਵੇਗਾ। 2020 ‘ਚ ਗਲਵਾਨ ਘਾਟੀ ‘ਚ ਭਾਰਤ-ਚੀਨ ਫੌਜੀ ਝੜੱਪ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਮੋਦੀ ਦਾ ਚੀਨ ਦਾ ਪਹਿਲਾ ਦੌਰਾ ਹੋਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ 2018 ‘ਚ ਉੱਥੇ ਦਾ ਦੌਰਾ ਕੀਤਾ ਸੀ। ਇਹ ਪ੍ਰਧਾਨ ਮੰਤਰੀ ਵਜੋਂ ਪ੍ਰਧਾਨ ਮੰਤਰੀ ਮੋਦੀ ਦਾ ਛੇਵਾਂ ਚੀਨ ਦੌਰਾ ਹੋਵੇਗਾ, ਜੋ ਕਿ 70 ਸਾਲਾਂ ‘ਚ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦੁਆਰਾ ਚੀਨ ਦਾ ਸਭ ਤੋਂ ਵੱਧ ਦੌਰਾ ਹੈ। ਚੀਨ ਜਾਣ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ 30 ਅਗਸਤ ਨੂੰ ਜਾਪਾਨ ਪਹੁੰਚਣਗੇ। ਇੱਥੇ ਉਹ ਭਾਰਤ-ਜਾਪਾਨ ਸੰਮੇਲਨ ‘ਚ ਹਿੱਸਾ ਲੈਣਗੇ।
ਪਿਛਲੇ ਮਹੀਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਚੀਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਨੇ ਜਲ ਸਰੋਤਾਂ ਦੇ ਡੇਟਾ ਨੂੰ ਸਾਂਝਾ ਕਰਨ, ਵਪਾਰਕ ਪਾਬੰਦੀਆਂ, ਐਲਏਸੀ ‘ਤੇ ਤਣਾਅ ਘਟਾਉਣ ਅਤੇ ਅੱ.ਤ.ਵਾ.ਦ ਅਤੇ ਕੱਟੜਤਾ ਵਿਰੁੱਧ ਸਖ਼ਤ ਸਟੈਂਡ ਲੈਣ ਵਰਗੇ ਮੁੱਦਿਆਂ ‘ਤੇ ਚਰਚਾ ਕੀਤੀ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਸ ਬੈਠਕ ਨੇ ਮੋਦੀ ਦੀ ਚੀਨ ਯਾਤਰਾ ਲਈ ਰੋਡਮੈਪ ਤਿਆਰ ਕੀਤਾ ਸੀ।
ਪ੍ਰਧਾਨ ਮੰਤਰੀ ਮੋਦੀ ਅਤੇ ਜਿਨਪਿੰਗ ਆਖਰੀ ਵਾਰ ਅਕਤੂਬਰ 2024 ‘ਚ ਕਜ਼ਾਨ ‘ਚ ਬ੍ਰਿਕਸ ਸੰਮੇਲਨ ਦੌਰਾਨ ਮਿਲੇ ਸਨ। ਇਸ ਦੌਰਾਨ ਦੋਵਾਂ ਆਗੂਆਂ ਨੇ ਦੁਵੱਲੀ ਮੁਲਾਕਾਤ ਵੀ ਕੀਤੀ। 50 ਮਿੰਟ ਦੀ ਗੱਲਬਾਤ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ‘ਸਰਹੱਦ ‘ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣਾ ਸਾਡੀ ਤਰਜੀਹ ਹੋਣੀ ਚਾਹੀਦੀ ਹੈ। ਆਪਸੀ ਵਿਸ਼ਵਾਸ, ਆਪਸੀ ਸਤਿਕਾਰ ਅਤੇ ਆਪਸੀ ਸੰਵੇਦਨਸ਼ੀਲਤਾ ਸਾਡੇ ਸਬੰਧਾਂ ਦੀ ਨੀਂਹ ਬਣੀ ਰਹਿਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਮੋਦੀ ਦੀ ਇਹ ਚੀਨ ਫੇਰੀ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਪੂਰੀ ਦੁਨੀਆ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਟੈਰਿਫ ਨੀਤੀਆਂ ਨਾਲ ਜੂਝ ਰਹੀ ਹੈ। ਟਰੰਪ ਨੇ ਰੂਸੀ ਤੇਲ ਅਤੇ ਹਥਿਆਰਾਂ ਦੀ ਖਰੀਦ ਕਾਰਨ ਭਾਰਤ ‘ਤੇ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ।
ਚੀਨ ਤੋਂ ਬਾਅਦ ਭਾਰਤ ਦੁਨੀਆ ‘ਚ ਰੂਸੀ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਭਾਰਤ ਹਰ ਰੋਜ਼ ਰੂਸ ਤੋਂ 17.8 ਲੱਖ ਬੈਰਲ ਕੱਚਾ ਤੇਲ ਖਰੀਦਦਾ ਹੈ।
Read More: ਅਮਰੀਕਾ ਵੱਲੋਂ 1 ਅਗਸਤ ਤੋਂ ਭਾਰਤ ‘ਤੇ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ