ਹਿਮਾਚਲ ਪ੍ਰਦੇਸ਼, 06 ਅਗਸਤ 2025: Cloudburst in Kinnaur: ਮੌਸਮ ਦੀ ਚੇਤਾਵਨੀ ਵਿਚਾਲੇ ਮੌਨਸੂਨ ਦੇ ਭਾਰੀ ਮੀਂਹ ਨੇ ਹਿਮਾਚਲ ਦੇ ਪਹਾੜਾਂ ‘ਚ ਆਫ਼ਤ ਲਿਆਂਦੀ ਹੈ। ਹਿਮਾਚਲ ਪ੍ਰਦੇਸ਼ ਦੇ ਕਿਨੌਰ ਦੇ ਤੰਗਲਿੰਗ ‘ਚ ਬੁੱਧਵਾਰ ਨੂੰ ਬੱਦਲ ਫਟਣ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ। ਇਸ ਘਟਨਾ ਦਾ ਇੱਕ ਭਿਆਨਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਪਹਾੜ ਤੋਂ ਚੱਟਾਨਾਂ ਅਤੇ ਮਲਬੇ ਦਾ ਹੜ੍ਹ ਹੇਠਾਂ ਸੜਕ ‘ਤੇ ਡਿੱਗਦਾ ਦੇਖਿਆ ਗਿਆ।
ਅਚਾਨਕ ਆਏ ਹੜ੍ਹ ਕਾਰਨ ਕੈਲਾਸ਼ ਯਾਤਰਾ ਮਾਰਗ ‘ਤੇ ਦੋ ਪੁਲ ਵਹਿ ਗਏ। ਬਾਕੀ ਰਸਤਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਿਸ ਕਾਰਨ ਯਾਤਰਾ ਰੋਕ ਦਿੱਤੀ ਗਈ ਹੈ। ਬਹੁਤ ਸਾਰੇ ਸ਼ਰਧਾਲੂ ਫਸੇ ਹੋਏ ਹਨ। ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਦੀ ਟੀਮ ਨੇ ਜ਼ਿਪਲਾਈਨ ਦੀ ਮੱਦਦ ਨਾਲ 413 ਸ਼ਰਧਾਲੂਆਂ ਨੂੰ ਬਚਾਇਆ ਹੈ।
ਕਿਨੌਰ ਦੇ ਰਿੱਬਾ ਪਿੰਡ ਨੇੜੇ ਰਾਲਡਾਂਗ ਖੱਡ ‘ਚ ਵੀ ਬੱਦਲ ਫਟਣ ਦੀ ਘਟਨਾ ਵਾਪਰੀ। ਇਸ ਕਾਰਨ ਰਾਸ਼ਟਰੀ ਰਾਜਮਾਰਗ-5 ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਰਾਜਮਾਰਗ ਦੇ ਲਗਭਗ 150 ਮੀਟਰ ‘ਤੇ ਚਿੱਕੜ ਅਤੇ ਵੱਡੇ ਪੱਥਰ ਜਮ੍ਹਾ ਹੋ ਗਏ ਹਨ। ਹਾਲਾਂਕਿ, ਹਾਦਸੇ ‘ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਮੰਗਲਵਾਰ ਰਾਤ ਨੂੰ ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ ‘ਤੇ ਜ਼ਮੀਨ ਖਿਸਕਣ ਦੀ ਘਟਨਾ ਵੀ ਵਾਪਰੀ। ਸੜਕਾਂ ‘ਤੇ ਵੱਡੇ ਪੱਥਰ ਡਿੱਗਣ ਕਾਰਨ ਸੂਬੇ ਦੀਆਂ 500 ਤੋਂ ਵੱਧ ਸੜਕਾਂ ਬੰਦ ਹਨ। ਸ਼ਿਮਲਾ, ਮੰਡੀ, ਸੋਲਨ ਅਤੇ ਕੁੱਲੂ ਜ਼ਿਲ੍ਹਿਆਂ ‘ਚ ਸਕੂਲ ਬੰਦ ਕਰ ਦਿੱਤੇ ਹਨ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਉਤਰਾਖੰਡ ਦੇ ਧਰਾਲੀ ਪਿੰਡ ‘ਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਸੀ। ਕਰਨਪ੍ਰਯਾਗ ‘ਚ ਜ਼ਮੀਨ ਖਿਸਕਣ ਕਾਰਨ ਬਦਰੀਨਾਥ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਸੀ। ਹਰਿਦੁਆਰ-ਦੇਹਰਾਦੂਨ ਰੇਲਵੇ ‘ਤੇ ਚੱਟਾਨਾਂ ਡਿੱਗਣ ਕਾਰਨ ਰੇਲ ਆਵਾਜਾਈ ਰੋਕ ਦਿੱਤੀ ਗਈ ਹੈ।
Read More: Khirganga flood: ਉੱਤਰਕਾਸ਼ੀ ਜ਼ਿਲ੍ਹੇ ਦੇ ਪਿੰਡ ਖੀਰਗੰਗਾ ‘ਚ ਆਇਆ ਭਿਆਨਕ ਹੜ੍ਹ