ਉੱਤਰਾਖੰਡ, 06 ਅਗਸਤ 2025: Uttarkashi Cloud Burst News: ਉੱਤਰਕਾਸ਼ੀ ‘ਚ ਨਦੀ ਦੇ ਵਧਦੇ ਪਾਣੀ ਦੇ ਪੱਧਰ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ। ਆਲੇ ਦੁਆਲੇ ਦੇ ਇਲਾਕਿਆਂ ਦਾ ਫੀਲਡ ਨਿਰੀਖਣ ਕਰਨ ਤੋਂ ਬਾਅਦ, ਅਧਿਕਾਰੀਆਂ ਨੂੰ 24 ਘੰਟੇ ਅਲਰਟ ਮੋਡ ‘ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਸਾਰੀਆਂ ਸਰਕਾਰੀ ਏਜੰਸੀਆਂ, ਵਿਭਾਗ ਅਤੇ ਫੌਜ ਆਪਸੀ ਤਾਲਮੇਲ ਨਾਲ ਧਰਾਲੀ ਉੱਤਰਕਾਸ਼ੀ ‘ਚ ਰਾਹਤ ਅਤੇ ਬਚਾਅ ਕਾਰਜਾਂ ‘ਚ ਰੁੱਝੇ ਹੋਏ ਹਨ। ਬੀਤੀ ਰਾਤ 130 ਤੋਂ ਵੱਧ ਜਣਿਆਂ ਨੂੰ ਬਚਾਇਆ ਗਿਆ ਹੈ। ਬੰਦ ਸੜਕਾਂ ਖੋਲ੍ਹੀਆਂ ਜਾ ਰਹੀਆਂ ਹਨ ਅਤੇ ਪ੍ਰਭਾਵਿਤਾਂ ਨੂੰ ਹਰ ਸੰਭਵ ਮੱਦਦ ਦਿੱਤੀ ਜਾ ਰਹੀ ਹੈ।
ਨਦੀ ਦਾ ਘੱਟ ਜਲ ਖੇਤਰ ਅਤੇ ਢਲਾਣ ਹੋਣ ਕਾਰਨ, ਪਾਣੀ ਤੇਜ਼ੀ ਨਾਲ ਹੇਠਾਂ ਆਉਂਦਾ ਹੈ। ਇਸੇ ਲਈ ਮੰਗਲਵਾਰ ਨੂੰ ਬੱਦਲ ਫਟਣ ਤੋਂ ਬਾਅਦ, ਮਲਬਾ ਅਤੇ ਪਾਣੀ ਧਰਾਲੀ ਬਾਜ਼ਾਰ ‘ਚ ਤੇਜ਼ੀ ਨਾਲ ਪਹੁੰਚ ਗਿਆ, ਜਿਸ ਕਾਰਨ ਕਿਸੇ ਨੂੰ ਵੀ ਸੰਭਲਣ ਹੋਣ ਦਾ ਮੌਕਾ ਨਹੀਂ ਮਿਲਿਆ।
ਫੌਜ ਅਤੇ ਆਈਟੀਬੀਪੀ ਵਲੋਂ ਰਾਹਤ ਕਾਰਜ ਜਾਰੀ
ਧਾਰਲੀ ਦੀ ਤਬਾਹੀ ਤੋਂ ਬਾਅਦ, ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸਨ, ਪਰ ਫੌਜ ਅਤੇ ਆਈਟੀਬੀਪੀ ਦੇ ਜਵਾਨ ਮੋਰਚੇ ਨੂੰ ਸੰਭਾਲ ਰਹੇ ਹਨ। 25 ਫੁੱਟ ਉੱਚੇ ਮਲਬੇ ‘ਚ ਫਸੇ ਪਿੰਡ ਵਾਸੀਆਂ ਤੱਕ ਪਹੁੰਚਣ ਲਈ ਇੱਕ ਰਸਤਾ ਬਣਾਇਆ ਜਾ ਰਿਹਾ ਹੈ। ਫੌਜ ਦੀ ਪੂਰੀ ਤਾਕਤ ਰਾਹਤ ਕਾਰਜ ‘ਚ ਲਗਾਈ ਹੈ।
ਬੱਦਲ ਫਟਣ ਤੋਂ ਬਾਅਦ, ਜਦੋਂ ਹਰ ਪਾਸੇ ਮਲਬਾ, ਤਬਾਹੀ ਅਤੇ ਚੀਕਾਂ ਸਨ, ਤਾਂ ਫੌਜ ਲੋਕਾਂ ਲਈ ਉਮੀਦ ਬਣ ਕੇ ਆਈ। ਆਈਟੀਬੀਪੀ ਅਤੇ ਫੌਜ ਦੇ ਜਵਾਨਾਂ ਨੇ ਇੱਕ ਅਸਥਾਈ ਪੁਲ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪਿੰਡ ‘ਚ ਫਸੇ 200 ਜਣਿਆਂ ਨੂੰ ਰਾਹਤ ਪਹੁੰਚਾਈ ਜਾ ਸਕੇ।
ਉੱਤਰਾਕਾਸ਼ੀ ਆਫ਼ਤ ‘ਚ ਫੌਜ ਅਤੇ ਰਾਹਤ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ। ਫੌਜ, ਆਈਟੀਬੀਪੀ, ਐਨਡੀਆਰਐਫ ਵਰਗੀਆਂ ਟੀਮਾਂ ਮਲਬੇ ‘ਚ ਦੱਬੀਆਂ ਜਿੰਦਗੀਆਂ ਨੂੰ ਬਚਾਉਣ ਲਈ ਪੂਰੀ ਤਾਕਤ ਨਾਲ ਮੈਦਾਨ ‘ਚ ਹਨ। ਆਫ਼ਤ ਕੰਟਰੋਲ ਰੂਮ ਤੋਂ ਹਰ ਪਲ ਨਿਗਰਾਨੀ ਕੀਤੀ ਜਾ ਰਹੀ ਹੈ।
ਪਿੰਡ ‘ਚ ਲਗਭਗ 200 ਜਣੇ ਵੀ ਫਸੇ
ਆਈਟੀਬੀਪੀ ਅਤੇ ਫੌਜ ਦੇ ਜਵਾਨ ਧਰਾਲੀ ‘ਚ ਪਿੰਡ ਦੇ ਵਿਚਕਾਰ ਫਸੇ ਪਿੰਡ ਵਾਸੀਆਂ ਤੱਕ ਪਹੁੰਚਣ ਲਈ ਲਗਭਗ 25 ਫੁੱਟ ਉੱਚੇ ਮਲਬੇ ‘ਚ ਰਸਤਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਕ ਅਸਥਾਈ ਪੁਲੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿੰਡ ‘ਚ ਲਗਭਗ 200 ਜਣੇ ਵੀ ਫਸੇ ਹੋਏ ਹਨ।
ਹਰਸ਼ੀਲ ‘ਚ ਰਾਹਤ ਕਾਰਜਾਂ ਨੂੰ ਤੇਜ਼ ਕਰਨ ਲਈ ਹੋਰ ਫੌਜ ਦੀਆਂ ਟੀਮਾਂ, ਖੋਜੀ ਕੁੱਤੇ, ਡਰੋਨ ਅਤੇ ਖੁਦਾਈ ਮਸ਼ੀਨਾਂ ਭੇਜੀਆਂ ਗਈਆਂ ਹਨ। ਇਸ ਦੌਰਾਨ ਧਰਾਲੀ ‘ਚ ਮਲਬੇ ‘ਚੋਂ ਇੱਕ 32 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ।
ਫੌਜ ਅਤੇ ਆਈਟੀਬੀਪੀ ਦੇ ਜਵਾਨ ਬਚਾਅ ਕਾਰਜਾਂ ‘ਚ ਲੱਗੇ ਹੋਏ ਹਨ, ਪਰ ਗੰਗੋਤਰੀ ਹਾਈਵੇਅ ਬਚਾਅ ਕਾਰਜਾਂ ‘ਚ ਇੱਕ ਰੁਕਾਵਟ ਹੈ। ਐਨਡੀਆਰਐਫ ਦੇ ਡੀਆਈਜੀ ਮੋਹਸਿਨ ਸ਼ਾਹੀਦੀ ਨੇ ਕਿਹਾ ਕਿ ਜਾਣਕਾਰੀ ਮੁਤਾਬਕ ਚਾਰ ਜਣਿਆਂ ਦੀ ਮੌਤ ਹੋ ਗਈ ਹੈ ਅਤੇ 50 ਤੋਂ ਵੱਧ ਜਣਿਆਂ ਲਾਪਤਾ ਹਨ। ਹਰਸ਼ੀਲ ਅਤੇ ਸੁੱਖੀ ਟੌਪ ‘ਚ ਦੋ ਥਾਵਾਂ ‘ਤੇ ਅਚਾਨਕ ਹੜ੍ਹ ਆਉਣ ਦੀਆਂ ਵੀ ਰਿਪੋਰਟਾਂ ਹਨ।
11 ਫੌਜੀ ਜਵਾਨ ਲਾਪਤਾ
ਹਰਸ਼ੀਲ ‘ਚ ਲਗਭਗ 11 ਫੌਜੀ ਜਵਾਨ ਲਾਪਤਾ ਦੱਸੇ ਜਾ ਰਹੇ ਹਨ। ਸੁੱਖੀ ਟੌਪ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਰਿਸ਼ੀਕੇਸ਼-ਉੱਤਰਕਾਸ਼ੀ ਹਾਈਵੇਅ ਪ੍ਰਭਾਵਿਤ ਹੈ, ਇਸ ਲਈ ਆਵਾਜਾਈ ਬਹੁਤ ਹੌਲੀ ਹੈ। ਕਈ ਥਾਵਾਂ ‘ਤੇ ਸੜਕੀ ਰੁਕਾਵਟ ਕਾਰਨ ਟੀਮਾਂ ਨੂੰ ਮੌਕੇ ‘ਤੇ ਪਹੁੰਚਣ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੀਆਂ ਟੀਮਾਂ ਪ੍ਰਭਾਵਿਤ ਲੋਕਾਂ ਨੂੰ ਏਅਰਲਿਫਟ ਕਰਨ ਲਈ ਦੇਹਰਾਦੂਨ ‘ਚ ਤਿਆਰ ਹਨ।
Read More: Khirganga flood: ਉੱਤਰਕਾਸ਼ੀ ਜ਼ਿਲ੍ਹੇ ਦੇ ਪਿੰਡ ਖੀਰਗੰਗਾ ‘ਚ ਆਇਆ ਭਿਆਨਕ ਹੜ੍ਹ




