ਬਿਹਾਰ ਚੋਣਾਂ

CM ਨਿਤੀਸ਼ ਕੁਮਾਰ ਦਾ ਐਲਾਨ, ਅਧਿਆਪਕ ਭਰਤੀ ਪ੍ਰੀਖਿਆ ‘ਚ ਬਿਹਾਰ ਵਾਸੀਆਂ ਨੂੰ ਮਿਲੇਗੀ ਤਰਜੀਹ

ਬਿਹਾਰ, 04 ਅਗਸਤ 2025: ਬਿਹਾਰ ‘ਚ ਚੋਣਾਂ ਤੋਂ ਪਹਿਲਾਂ ਸੀਐਮ ਨਿਤੀਸ਼ ਕੁਮਾਰ ਨੇ ਹੁਣ ਅਧਿਆਪਕ ਉਮੀਦਵਾਰਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਸੀਐਮ ਨਿਤੀਸ਼ ਕੁਮਾਰ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਸੀਐਮ ਨਿਤੀਸ਼ ਕੁਮਾਰ ਨੇ ਕਿਹਾ ਕਿ ਨਵੰਬਰ 2005 ‘ਚ ਸਰਕਾਰ ਬਣਨ ਤੋਂ ਬਾਅਦ, ਅਸੀਂ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਾਂ। ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵੱਡੀ ਗਿਣਤੀ ‘ਚ ਅਧਿਆਪਕਾਂ ਦੀ ਨਿਯੁਕਤੀ ਕੀਤੀ ਗਈ ਹੈ।

ਸੀਐਮ ਨਿਤੀਸ਼ ਨੇ ਕਿਹਾ ਕਿ ਸਿੱਖਿਆ ਵਿਭਾਗ ਨੂੰ ਅਧਿਆਪਕਾਂ ਦੀ ਭਰਤੀ ‘ਚ ਬਿਹਾਰ ਦੇ ਵਸਨੀਕਾਂ (DOMICILE) ਨੂੰ ਪਹਿਲ ਦੇਣ ਲਈ ਸੰਬੰਧਿਤ ਨਿਯਮਾਂ ‘ਚ ਜ਼ਰੂਰੀ ਸੋਧਾਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਚੌਥੀ ਅਧਿਆਪਕ ਭਰਤੀ ਪ੍ਰੀਖਿਆ (TRE-4) ਤੋਂ ਹੀ ਲਾਗੂ ਕੀਤਾ ਜਾਵੇਗਾ। TRE-4 ਸਾਲ 2025 ‘ਚ ਅਤੇ TRE-5 ਸਾਲ 2026 ‘ਚ ਕਰਵਾਈ ਜਾਵੇਗੀ । TRE-5 ਕਰਵਾਉਣ ਤੋਂ ਪਹਿਲਾਂ STET ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।

ਉਮੀਦਵਾਰਾਂ ਨੇ ਅਧਿਆਪਕ ਭਰਤੀ ਪ੍ਰੀਖਿਆ ਡੋਮੀਸਾਈਲ ਨੀਤੀ ਨੂੰ ਲਾਗੂ ਕਰਨ ਦੀ ਮੰਗ ਕਰਦੇ ਹੋਏ 1 ਅਗਸਤ ਨੂੰ ਪੈਦਲ ਮਾਰਚ ਕੀਤਾ ਸੀ। ਸਾਰੇ ਉਮੀਦਵਾਰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਾ ਚਾਹੁੰਦੇ ਸਨ। ਵਿਦਿਆਰਥੀ ਆਗੂ ਦਿਲੀਪ ਕੁਮਾਰ ਦੀ ਅਗਵਾਈ ਹੇਠ ਸੈਂਕੜੇ ਵਿਦਿਆਰਥੀ ਹੱਥਾਂ ‘ਚ ਤਿਰੰਗਾ ਲੈ ਕੇ ਸੀਐਮ ਹਾਊਸ ਵੱਲ ਮਾਰਚ ਕਰਦੇ ਰਹੇ। ਪਰ, ਪਟਨਾ ਪੁਲਿਸ ਨੇ ਉਨ੍ਹਾਂ ਨੂੰ ਜੇਪੀ ਗੋਲੰਬਰ ਦੇ ਨੇੜੇ ਰੋਕ ਲਿਆ।

ਉਮੀਦਵਾਰਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲਿਸ ਨੇ ਬੈਰੀਕੇਡ ਲਗਾਏ ਹਨ। ਉਮੀਦਵਾਰਾਂ ਨੇ ਬਿਹਾਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਸੀ। ਉਹ ਬਿਹਾਰ ਸਰਕਾਰ ਤੋਂ ਡੋਮੀਸਾਈਲ ਨੀਤੀ ਲਾਗੂ ਕਰਨ ਦੀ ਮੰਗ ਕਰ ਰਹੇ ਸਨ। ਵਿਦਿਆਰਥੀ ਆਗੂ ਦਿਲੀਪ ਕੁਮਾਰ ਨੇ ਕਿਹਾ ਸੀ ਕਿ ਡੋਮੀਸਾਈਲ ਬਿਹਾਰ ਦੇ ਵਿਦਿਆਰਥੀਆਂ ਦਾ ਅਧਿਕਾਰ ਹੈ। ਬਿਹਾਰ ਤੋਂ ਬਾਹਰ, ਡੋਮੀਸਾਈਲ ਕੁਝ ਸੂਬਿਆਂ ‘ਚ ਸਿੱਧੇ ਤੌਰ ‘ਤੇ ਲਾਗੂ ਕੀਤਾ ਜਾਂਦਾ ਹੈ, ਜਦੋਂ ਕਿ ਕੁਝ ਸੂਬਿਆਂ ‘ਚ ਅਸਿੱਧੇ ਤੌਰ ‘ਤੇ। ਇਸ ਕਾਰਨ, ਬਿਹਾਰ ਦੇ ਉਮੀਦਵਾਰਾਂ ਨੂੰ ਦੂਜੇ ਸੂਬਿਆਂ ‘ਚ ਨੌਕਰੀਆਂ ਪ੍ਰਾਪਤ ਕਰਨ’ਚ ਨੁਕਸਾਨ ਹੋ ਰਿਹਾ ਹੈ। ਕੁਝ ਸੂਬਿਆਂ ‘ਚ, ਪ੍ਰੀਖਿਆ ਪ੍ਰਕਿਰਿਆ ਅਤੇ ਸਿਲੇਬਸ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਉਸ ਸੂਬੇ ਦੇ ਉਮੀਦਵਾਰਾਂ ਨੂੰ ਉਸ ਸੂਬੇ ਨਾਲ ਸਬੰਧਤ ਹੋਰ ਸਵਾਲ ਪੁੱਛ ਕੇ ਫਾਇਦਾ ਹੋਵੇ।

Read More: CM ਨਿਤੀਸ਼ ਕੁਮਾਰ ਨੇ ਪਟਨਾ ‘ਚ 181 ਕਰੋੜ ਰੁਪਏ ਦੇ ਨਿਰਮਾਣ ਯੋਜਨਾ ਦਾ ਰੱਖਿਆ ਨੀਂਹ ਪੱਥਰ

Scroll to Top