ਟੈਰਿਫ

ਅਮਰੀਕਾ ਵੱਲੋਂ 1 ਅਗਸਤ ਤੋਂ ਭਾਰਤ ‘ਤੇ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ

ਵਿਦੇਸ਼, 31 ਜੁਲਾਈ 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ‘ਤੇ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਹ ਟੈਰਿਫ 1 ਅਗਸਤ, 2025 ਤੋਂ ਲਾਗੂ ਹੋਵੇਗਾ। ਉਨ੍ਹਾਂ ਨੇ ਇੱਕ ਪੋਸਟ ‘ਚ ਇਸ ਬਾਰੇ ਜਾਣਕਾਰੀ ਦਿੱਤੀ। ਮੌਜੂਦਾ ਸਮੇਂ ‘ਚ ਭਾਰਤ ‘ਤੇ ਅਮਰੀਕਾ ਦਾ ਟੈਰਿਫ ਪ੍ਰਤੀ ਵਸਤੂ ਔਸਤਨ 10 ਫੀਸਦੀ ਦੇ ਆਸਪਾਸ ਹੈ।

ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਭਾਰਤ ਸਾਡਾ ਦੋਸਤ ਹੈ, ਪਰ ਅਸੀਂ ਪਿਛਲੇ ਕਈ ਸਾਲਾਂ ‘ਚ ਉਨ੍ਹਾਂ ਨਾਲ ਬਹੁਤ ਜ਼ਿਆਦਾ ਕਾਰੋਬਾਰ ਨਹੀਂ ਕੀਤਾ ਹੈ ਕਿਉਂਕਿ ਉਨ੍ਹਾਂ ਦੇ ਟੈਰਿਫ ਬਹੁਤ ਜ਼ਿਆਦਾ ਹਨ। ਉਸਦੇ ਨਾਲ ਹੀ ਉਨ੍ਹਾਂ ਕੋਲ ਬਹੁਤ ਸਖ਼ਤ ਅਤੇ ਪਰੇਸ਼ਾਨ ਕਰਨ ਵਾਲੇ ਗੈਰ-ਆਰਥਿਕ ਵਪਾਰਕ ਰੁਕਾਵਟਾਂ ਹਨ। ਇਸ ਤੋਂ ਇਲਾਵਾ, ਭਾਰਤ ਨੇ ਹਮੇਸ਼ਾ ਆਪਣੇ ਜ਼ਿਆਦਾਤਰ ਫੌਜੀ ਉਪਕਰਣ ਰੂਸ ਤੋਂ ਖਰੀਦੇ ਹਨ ਅਤੇ ਚੀਨ ਦੇ ਨਾਲ ਰੂਸ ਦਾ ਸਭ ਤੋਂ ਵੱਡਾ ਤੇਲ ਖਰੀਦਦਾਰ ਹੈ।

trump

ਇਹ ਸਭ ਉਦੋਂ ਹੋ ਰਿਹਾ ਹੈ ਜਦੋਂ ਹਰ ਕੋਈ ਚਾਹੁੰਦਾ ਹੈ ਕਿ ਰੂਸ ਯੂਕਰੇਨ ‘ਚ ਜੰਗ ਬੰਦ ਕਰੇ। ਇਹ ਸਹੀ ਨਹੀਂ ਹੈ! ਇਸ ਲਈ ਭਾਰਤ ਨੂੰ 1 ਅਗਸਤ ਤੋਂ 25 ਫੀਸਦੀ ਟੈਰਿਫ ਦੇਣਾ ਪਵੇਗਾ ਅਤੇ ਉੱਪਰ ਦੱਸੀਆਂ ਗਈਆਂ ਚੀਜ਼ਾਂ ਕਾਰਨ ਜੁਰਮਾਨਾ ਵੀ ਲੱਗੇਗਾ।

ਟੈਰਿਫ ਕੀ ਹੁੰਦਾ ਹੈ ?

ਟੈਰਿਫ ਦਾ ਅਰਥ ਹੈ ਆਯਾਤ ਡਿਊਟੀ ਹੁੰਦੀ ਹੈ। ਜਦੋਂ ਕੋਈ ਦੇਸ਼ ਕਿਸੇ ਹੋਰ ਦੇਸ਼ ਤੋਂ ਸਾਮਾਨ ਖਰੀਦਦਾ ਹੈ, ਤਾਂ ਉਹ ਉਸ ‘ਤੇ ਕੁਝ ਟੈਕਸ ਲਗਾਉਂਦਾ ਹੈ, ਇਸਨੂੰ ਟੈਰਿਫ ਕਿਹਾ ਜਾਂਦਾ ਹੈ। ਟਰੰਪ ਦਾ ਕਹਿਣਾ ਹੈ ਕਿ ਭਾਰਤ ਅਮਰੀਕੀ ਸਾਮਾਨ ‘ਤੇ ਬਹੁਤ ਜ਼ਿਆਦਾ ਟੈਰਿਫ ਲੈਂਦਾ ਹੈ, ਜਦੋਂ ਕਿ ਅਮਰੀਕਾ ਭਾਰਤੀ ਸਾਮਾਨ ‘ਤੇ ਘੱਟ ਟੈਕਸ ਲੈਂਦਾ ਹੈ।

ਟਰੰਪ ਨੂੰ ਲੱਗਦਾ ਹੈ ਕਿ ਇਹ ਬੇਇਨਸਾਫ਼ੀ ਹੈ। ਇਸ ਲਈ ਉਨ੍ਹਾਂ ਨੇ ਆਪਣੀ “ਪਰਸਪਰ ਟੈਰਿਫ” ਨੀਤੀ ਦੇ ਤਹਿਤ ਭਾਰਤ ‘ਤੇ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਦਾ ਕਹਿਣਾ ਹੈ ਕਿ ਜੇਕਰ ਭਾਰਤ ਉਸਦੇ ਸਾਮਾਨ ‘ਤੇ ਉੱਚ ਟੈਕਸ ਲਗਾਉਂਦਾ ਹੈ, ਤਾਂ ਹੁਣ ਉਹ ਭਾਰਤੀ ਸਾਮਾਨ ‘ਤੇ ਵੀ ਭਾਰੀ ਟੈਰਿਫ ਲਗਾਏਗਾ। ਟਰੰਪ ਨੇ ਭਾਰਤ ਵੱਲੋਂ ਰੂਸ ਤੋਂ ਤੇਲ ਅਤੇ ਫੌਜੀ ਉਪਕਰਣਾਂ ਦੀ ਖਰੀਦ ‘ਤੇ ਵੀ ਨਾਰਾਜ਼ਗੀ ਪ੍ਰਗਟ ਕੀਤੀ ਹੈ।

ਟਰੰਪ ਨੇ ਕਿਹਾ ਕਿ ਟੈਰਿਫ 1 ਅਗਸਤ, 2025 ਤੋਂ ਲਾਗੂ ਹੋਵੇਗਾ। ਇਸਦਾ ਮਤਲਬ ਹੈ ਕਿ ਭਾਰਤ ਤੋਂ ਅਮਰੀਕਾ ਜਾਣ ਵਾਲੀਆਂ ਚੀਜ਼ਾਂ, ਜਿਵੇਂ ਕਿ ਦਵਾਈਆਂ, ਕੱਪੜੇ ਅਤੇ ਇੰਜੀਨੀਅਰਿੰਗ ਉਤਪਾਦ, ‘ਤੇ 25 ਫੀਸਦੀ ਟੈਕਸ ਲਗਾਇਆ ਜਾਵੇਗਾ। ਇਸ ਨਾਲ ਅਮਰੀਕਾ ‘ਚ ਭਾਰਤੀ ਸਾਮਾਨ ਮਹਿੰਗਾ ਹੋ ਜਾਵੇਗਾ। ਉਨ੍ਹਾਂ ਦੀ ਮੰਗ ਘੱਟ ਸਕਦੀ ਹੈ।

Read More: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਾਕਿਸਤਾਨ ਨਾਲ ਤੇਲ ਸਮਝੌਤੇ ਦਾ ਐਲਾਨ

Scroll to Top