ਭਾਰਤ ਚੋਣ ਕਮਿਸ਼ਨ

ਭਾਰਤ ਚੋਣ ਕਮਿਸ਼ਨ ਵੱਲੋਂ ਬੀਐਲਓ ਤੇ ਸੁਪਰਵਾਈਜ਼ਰਾਂ ਦੇ ਸਾਲਾਨਾ ਮਾਣਭੱਤੇ ‘ਚ ਵਾਧਾ

ਚੰਡੀਗੜ੍ਹ, 30 ਜੁਲਾਈ 2025: ਭਾਰਤ ਚੋਣ ਕਮਿਸ਼ਨ ਨੇ 24 ਜੁਲਾਈ 2025 ਨੂੰ ਬੂਥ ਲੈਵਲ ਅਫਸਰਾਂ (ਬੀਐਲਓ) ਅਤੇ ਬੀਐਲਓ ਸੁਪਰਵਾਈਜ਼ਰਾਂ ਲਈ ਘੱਟੋ-ਘੱਟ ਸਾਲਾਨਾ ਮਾਣਭੱਤਾ ਵਧਾਉਣ ਸੰਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਕਦਮ ਨੂੰ ਜ਼ਮੀਨੀ ਪੱਧਰ ‘ਤੇ ਚੋਣ ਸਟਾਫ ਨੂੰ ਮਜ਼ਬੂਤ ਕਰਨ ਅਤੇ ਬੀਐਲਓ (ਫੁੱਟ ਸੋਲਜ਼ਰ ਆਫ਼ ਇਲੈਕਸ਼ਨ ਕਮਿਸ਼ਨ) ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦੇਣ ਲਈ ਲਏ ਗਏ ਇੱਕ ਮਹੱਤਵਪੂਰਨ ਫੈਸਲੇ ਵਜੋਂ ਦੇਖਿਆ ਜਾ ਰਿਹਾ ਹੈ।

ਸਾਲ 2025 ਤੋਂ ਲਾਗੂ ਨੋਟੀਫਿਕੇਸ਼ਨ ਅਨੁਸਾਰ:

  • ਬੀਐਲਓ ਨੂੰ ਹੁਣ ਘੱਟੋ-ਘੱਟ 12,000 ਰੁਪਏ ਸਾਲਾਨਾ ਮਾਣਭੱਤਾ ਮਿਲੇਗਾ, ਜੋ ਪਹਿਲਾਂ 6,000 ਰੁਪਏ ਸੀ।
  • ਬੀਐਲਓ ਸੁਪਰਵਾਈਜ਼ਰਾਂ ਨੂੰ ਹੁਣ ਘੱਟੋ-ਘੱਟ 18,000 ਰੁਪਏ ਸਾਲਾਨਾ ਮਾਣਭੱਤਾ ਮਿਲੇਗਾ, ਜੋ ਪਹਿਲਾਂ 12,000 ਰੁਪਏ ਸੀ।
  • ਵੋਟਰ ਸੂਚੀਆਂ ਦੀ ਵਿਸ਼ੇਸ਼ ਸ਼ੁੱਧੀਕਰਨ ਜਾਂ ਹੋਰ ਵਿਸ਼ੇਸ਼ ਚੋਣ ਮੁਹਿੰਮਾਂ ‘ਚ ਹਿੱਸਾ ਲੈਣ ਵਾਲੇ ਬੀਐਲਓ ਨੂੰ ਪਹਿਲਾਂ 1,000 ਰੁਪਏ ਦੇ ਮੁਕਾਬਲੇ 2,000 ਰੁਪਏ ਦਾ ਵਾਧੂ ਪ੍ਰੋਤਸਾਹਨ ਦਿੱਤਾ ਜਾਵੇਗਾ।

ਇਸ ਫੈਸਲੇ ਦਾ ਸਵਾਗਤ ਕਰਦੇ ਹੋਏ, ਮੁੱਖ ਚੋਣ ਅਧਿਕਾਰੀ, ਪੰਜਾਬ ਸਿਬਿਨ ਸੀ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀ ਇਹ ਪ੍ਰਗਤੀਸ਼ੀਲ ਪਹਿਲਕਦਮੀ ਬੂਥ ਪੱਧਰੀ ਅਧਿਕਾਰੀਆਂ ਨੂੰ ਪ੍ਰੇਰਿਤ ਅਤੇ ਸਸ਼ਕਤ ਬਣਾਉਣ ‘ਚ ਬਹੁਤ ਮੱਦਦ ਕਰੇਗੀ, ਜੋ ਸਾਡੀ ਚੋਣ ਪ੍ਰਣਾਲੀ ਦੇ ਮੋਹਰੀ ਵਰਕਰ ਹਨ।

ਉਨ੍ਹਾਂ ਕਿਹਾ ਕਿ ਬੀ.ਐਲ.ਓ. ਵੋਟਰਾਂ ਅਤੇ ਚੋਣ ਕਮਿਸ਼ਨ ਵਿਚਕਾਰ ਇੱਕ ਮਹੱਤਵਪੂਰਨ ਕੜੀ ਹਨ ਅਤੇ ਉਹ ਵੋਟਰ ਸੂਚੀ ਦੀ ਇਕਸਾਰਤਾ, ਘਰ-ਘਰ ਜਾ ਕੇ ਤਸਦੀਕ ਅਤੇ ਵੱਧ ਤੋਂ ਵੱਧ ਵੋਟਰ ਭਾਗੀਦਾਰੀ ਨੂੰ ਯਕੀਨੀ ਬਣਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਮਾਣਭੱਤਾ ਵਧਾ ਕੇ, ਚੋਣ ਕਮਿਸ਼ਨ ਨੇ ਉਨ੍ਹਾਂ ਦੇ ਯੋਗਦਾਨ ਅਤੇ ਵਚਨਬੱਧਤਾ ਨੂੰ ਮਾਨਤਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸੱਚਮੁੱਚ ਇੱਕ ਇਤਿਹਾਸਕ ਫੈਸਲਾ ਹੈ ਜੋ ਪੰਜਾਬ ‘ਚ ਚੋਣ ਪ੍ਰਕਿਰਿਆ ਦੌਰਾਨ ਪਾਰਦਰਸ਼ਤਾ, ਜਵਾਬਦੇਹੀ ਅਤੇ ਕੁਸ਼ਲਤਾ ਨੂੰ ਵਧਾਉਣ ਵਿੱਚ ਬਹੁਤ ਮਦਦ ਕਰੇਗਾ।

ਸਿਬਿਨ ਸੀ ਨੇ ਇਸ ‘ਤੇ ਵੀ ਜ਼ੋਰ ਦਿੱਤਾ ਕਿ ਚੋਣ ਦਫ਼ਤਰ, ਮੁੱਖ ਚੋਣ ਅਧਿਕਾਰੀ, ਪੰਜਾਬ ਸਾਰੇ ਫੀਲਡ ਪੱਧਰੀ ਅਧਿਕਾਰੀਆਂ ਦੀ ਭਲਾਈ ਅਤੇ ਸਮਰੱਥਾ ਨਿਰਮਾਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਸੂਬੇ ਭਰ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਸਾਂਝੀ ਕੀਤੀ ਜਾਵੇਗੀ ਤਾਂ ਜੋ ਸੋਧੇ ਹੋਏ ਮਾਣਭੱਤਾ ਢਾਂਚੇ ਦੀ ਪਾਲਣਾ ਅਤੇ ਇਸਨੂੰ ਸਮੇਂ ਸਿਰ ਲਾਗੂ ਕੀਤਾ ਜਾ ਸਕੇ।

Read More: ਭਾਰਤ ਚੋਣ ਕਮਿਸ਼ਨ ਨੇ 72 ਘੰਟਿਆਂ ਤੋਂ ਘੱਟ ਸਮੇਂ ‘ਚ ਜ਼ਿਮਨੀ ਚੋਣਾਂ ਦੇ ਇੰਡੈਕਸ ਕਾਰਡ ਜਾਰੀ ਕੀਤੇ: ਸਿਬਿਨ ਸੀ

Scroll to Top