ਚੰਡੀਗੜ੍ਹ, 30 ਜੁਲਾਈ 2025: ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸੜਕਾਂ ‘ਤੇ ਭੀਖ ਮੰਗਣ ਵਾਲੇ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਸੁਰੱਖਿਅਤ ਬਣਾਉਣ ਲਈ ਪ੍ਰੋਜੈਕਟ ਜੀਵਨਜੋਤ 2.0 ਮੁਹਿੰਮ ਨਤੀਜੇ ਦੇ ਰਹੀ ਹੈ ਜੋ ਸੂਬੇ ‘ਚ ਹੋ ਰਹੀ ਸਮਾਜਿਕ ਤਬਦੀਲੀ ਨੂੰ ਦਰਸਾਉਂਦੀ ਹੈ।
ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਹੁਣ ਤੱਕ 245 ਵਿਸ਼ੇਸ਼ ਛਾਪਿਆਂ ਦੌਰਾਨ 214 ਭੀਖ ਮੰਗਣ ਵਾਲੇ ਬੱਚਿਆਂ ਨੂੰ ਬਚਾਇਆ ਹੈ, ਜਿਨ੍ਹਾਂ ‘ਚੋਂ 106 ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਕੈਬਿਨਟ ਮੰਤਰੀ ਨੇ ਦੱਸਿਆ ਕਿ ਤਾਜ਼ਾ ਕਾਰਵਾਈ ‘ਚ ਸੂਬੇ ਦੇ 16 ਜ਼ਿਲ੍ਹਿਆਂ ‘ਚ 16 ਵਿਸ਼ੇਸ਼ ਛਾਪੇ ਮਾਰੇ ਗਏ, ਜਿਸ ‘ਚ ਸਿਰਫ਼ 2 ਬੱਚੇ ਭੀਖ ਮੰਗਦੇ ਪਾਏ ਗਏ – ਇੱਕ ਬਰਨਾਲਾ ਤੋਂ ਅਤੇ ਇੱਕ ਸੰਗਰੂਰ ਜ਼ਿਲ੍ਹੇ ਤੋਂ। ਦਸਤਾਵੇਜ਼ੀ ਤਸਦੀਕ ਤੋਂ ਬਾਅਦ, ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਹੁਣ ਤੱਕ ਕੁੱਲ 16 ਬੱਚਿਆਂ ਦੀ ਡੀਐਨਏ ਟੈਸਟਿੰਗ ਲਈ ਪਛਾਣ ਕੀਤੀ ਗਈ ਹੈ, ਜਿਨ੍ਹਾਂ ‘ਚੋਂ 15 ਬੱਚਿਆਂ ਦੀ ਦਸਤਾਵੇਜ਼ੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ 13 ਬੱਚਿਆਂ ਦੇ ਡੀਐਨਏ ਟੈਸਟਿੰਗ ਲਈ ਨਮੂਨੇ ਲਏ ਗਏ ਹਨ। ਇਸ ਤੋਂ ਇਲਾਵਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ‘ਚ 1-1 ਅਤੇ ਬਠਿੰਡਾ ‘ਚ 2 ਮਾਪਿਆਂ (ਕੁੱਲ 4) ਵਿਰੁੱਧ ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਸਿਰਫ਼ ਇੱਕ ਕਾਰਵਾਈ ਨਹੀਂ ਹੈ ਸਗੋਂ ਸੂਬੇ ਦੇ ਹਰ ਬੱਚੇ ਨੂੰ ਸੁਰੱਖਿਆ ਅਤੇ ਭਵਿੱਖ ਪ੍ਰਦਾਨ ਕਰਨ ਵੱਲ ਚੁੱਕਿਆ ਗਿਆ ਇੱਕ ਠੋਸ ਕਦਮ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਬੱਚੇ ਨੂੰ ਭੀਖ ਮੰਗਣ ਲਈ ਮਜਬੂਰ ਕਰਦਾ ਹੈ, ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਕਿਸੇ ਬੱਚੇ ਨੂੰ ਭੀਖ ਮੰਗਦੇ ਦੇਖਦੇ ਹਨ, ਤਾਂ ਉਹ ਤੁਰੰਤ ਚਾਈਲਡ ਹੈਲਪਲਾਈਨ ਨੰਬਰ 1098 ‘ਤੇ ਸੂਚਿਤ ਕਰਨ |