ਵਿਸ਼ਵ ਹੈਪੇਟਾਈਟਸ ਦਿਵਸ 2025: ਹਰ ਸਾਲ 28 ਜੁਲਾਈ ਨੂੰ ਦੁਨੀਆ ਭਰ ‘ਚ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਨਾ ਸਿਰਫ਼ ਹੈਪੇਟਾਈਟਸ ਬਾਰੇ ਜਾਗਰੂਕਤਾ ਫੈਲਾਉਣ ਲਈ ਸਮਰਪਿਤ ਹੈ, ਬਲਕਿ ਇਸ ਬਿਮਾਰੀ ਨਾਲ ਪੀੜਤ ਲੋਕਾਂ ਪ੍ਰਤੀ ਹਮਦਰਦੀ ਪ੍ਰਗਟਾਉਣ ਅਤੇ ਇਸ ਦੇ ਖਾਤਮੇ ਲਈ ਵਿਸ਼ਵ ਪੱਧਰੀ ਯਤਨਾਂ ਨੂੰ ਤੇਜ਼ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਵੀ ਹੈ।
ਹੈਪੇਟਾਈਟਸ ਇੱਕ ਖ਼ਤਰਨਾਕ ਵਾਇਰਲ ਲਾਗ ਹੈ ਜੋ ਮੁੱਖ ਤੌਰ ‘ਤੇ ਜਿਗਰ ਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਇਸ ਦਾ ਸਮੇਂ ਸਿਰ ਪਤਾ ਨਾ ਲੱਗੇ ਅਤੇ ਇਲਾਜ ਨਾ ਕੀਤਾ ਜਾਵੇ, ਤਾਂ ਇਹ ਜਿਗਰ ਦੇ ਗੰਭੀਰ ਨੁਕਸਾਨ, ਜਿਗਰ ਦੇ ਕੈਂਸਰ ਅਤੇ ਇੱਥੋਂ ਤੱਕ ਕਿ ਮੌਤ ਦਾ ਕਾਰਨ ਵੀ ਬਣ ਸਕਦੀ ਹੈ।
ਵਿਸ਼ਵ ਸਿਹਤ ਸੰਸਥਾ ਮੁਤਾਬਕ 2022 ‘ਚ ਦੁਨੀਆ ਭਰ ‘ਚ ਕਰੀਬ 304 ਮਿਲੀਅਨ ਲੋਕ ਕਰੋਨਿਕ ਹੈਪੇਟਾਈਟਸ ਬੀ ਅਤੇ ਸੀ ਦੀ ਬਿਮਾਰੀ ਤੋਂ ਪ੍ਰਭਾਵਿਤ ਸਨ। ਇਸੇ ਸਾਲ ਸਿਰਫ਼ 45 ਫੀਸਦੀ ਬੱਚਿਆਂ ਨੂੰ ਜਨਮ ਤੋਂ 24 ਘੰਟਿਆਂ ਦੇ ਅੰਦਰ ਹੈਪੇਟਾਈਟਸ ਬੀ ਵੈਕਸੀਨ ਲਗਾਈ। ਦੂਜੇ ਪਾਸੇ 2022 ‘ਚ 1.3 ਮਿਲੀਅਨ ਲੋਕਾਂ ਦੀ ਹੈਪੇਟਾਈਟਸ ਬੀ ਅਤੇ ਸੀ ਨਾਲ ਮੌਤ ਹੋਈ ਹੈ।
ਹੈਪੇਟਾਈਟਸ ਕੀ ਹੈ ?
ਹੈਪੇਟਾਈਟਸ ਸ਼ਬਦ ਦਾ ਅਰਥ ਹੈ ਜਿਗਰ ਦੀ ਸੋਜ। ਇਹ ਵੱਖ-ਵੱਖ ਕਾਰਨਾਂ ਕਰਕੇ ਹੋ ਸਕਦੀ ਹੈ, ਜਿਨ੍ਹਾਂ ਵਿੱਚ ਵਾਇਰਸ, ਅਲਕੋਹਲ ਦਾ ਜ਼ਿਆਦਾ ਸੇਵਨ, ਕੁਝ ਦਵਾਈਆਂ ਅਤੇ ਆਟੋਇਮਿਊਨ ਬਿਮਾਰੀਆਂ ਸ਼ਾਮਲ ਹਨ। ਹਾਲਾਂਕਿ, ਹੈਪੇਟਾਈਟਸ ਦੇ ਜ਼ਿਆਦਾਤਰ ਮਾਮਲੇ ਵਾਇਰਲ ਲਾਗ ਕਾਰਨ ਹੁੰਦੇ ਹਨ। ਹੈਪੇਟਾਈਟਸ ਦੇ ਪੰਜ ਮੁੱਖ ਵਾਇਰਸ ਹਨ – A, B, C, D ਅਤੇ E, ਜਿਨ੍ਹਾਂ ‘ਚੋਂ ਹੈਪੇਟਾਈਟਸ B ਅਤੇ C ਸਭ ਤੋਂ ਵੱਧ ਖ਼ਤਰਨਾਕ ਮੰਨੇ ਜਾਂਦੇ ਹਨ ਕਿਉਂਕਿ ਇਹ ਪੁਰਾਣੀ ਲਾਗ ਦਾ ਕਾਰਨ ਬਣ ਸਕਦੇ ਹਨ।
ਹੈਪੇਟਾਈਟਸ A ਅਤੇ E: ਇਹ ਮੁੱਖ ਤੌਰ ‘ਤੇ ਦੂਸ਼ਿਤ ਭੋਜਨ ਅਤੇ ਪਾਣੀ ਰਾਹੀਂ ਫੈਲਦੇ ਹਨ। ਇਹ ਆਮ ਤੌਰ ‘ਤੇ ਘੱਟ ਗੰਭੀਰ ਹੁੰਦੇ ਹਨ ਅਤੇ ਜ਼ਿਆਦਾਤਰ ਮਾਮਲਿਆਂ ‘ਚ ਇਹ ਇਲਾਜ ਤੋਂ ਬਿਨਾਂ ਆਪਣੇ ਆਪ ਠੀਕ ਹੋ ਜਾਂਦੇ ਹਨ। ਹਾਲਾਂਕਿ, ਗੰਭੀਰ ਮਾਮਲਿਆਂ ‘ਚ ਇਹ ਜਿਗਰ ਫੇਲ੍ਹ ਹੋਣ ਦਾ ਕਾਰਨ ਬਣ ਸਕਦੇ ਹਨ।
ਹੈਪੇਟਾਈਟਸ B ਅਤੇ C: ਇਹ ਖੂਨ, ਸਰੀਰਕ ਤਰਲ ਪਦਾਰਥਾਂ (ਜਿਵੇਂ ਕਿ ਵੀਰਜ, ਯੋਨੀ ਤਰਲ) ਅਤੇ ਨਸ਼ੇ ਦੇ ਟੀਕੇ ਸਾਂਝੇ ਕਰਨ, ਅਸੁਰੱਖਿਅਤ ਯੌਨ ਸੰਬੰਧ, ਬਿਨਾਂ ਜਾਂਚ ਕੀਤੇ ਖੂਨ ਚੜ੍ਹਾਉਣ ਅਤੇ ਸੰਕਰਮਿਤ ਮਾਂ ਤੋਂ ਬੱਚੇ ‘ਚ ਜਨਮ ਸਮੇਂ ਫੈਲਦੇ ਹਨ। ਇਹ ਦੋਵੇਂ ਕਿਸਮਾਂ ਲੰਬੇ ਸਮੇਂ ਤੱਕ ਸਰੀਰ ‘ਚ ਰਹਿ ਸਕਦੀਆਂ ਹਨ ਅਤੇ ਜਿਗਰ ਨੂੰ ਹੌਲੀ-ਹੌਲੀ ਨੁਕਸਾਨ ਪਹੁੰਚਾ ਸਕਦੀਆਂ ਹਨ, ਜਿਸ ਨਾਲ ਸਿਰੋਸਿਸ (ਜਿਗਰ ਦਾ ਸਖ਼ਤ ਹੋਣਾ) ਅਤੇ ਜਿਗਰ ਦਾ ਕੈਂਸਰ ਹੋ ਸਕਦਾ ਹੈ।
ਹੈਪੇਟਾਈਟਸ D: ਇਹ ਸਿਰਫ਼ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਪਹਿਲਾਂ ਹੀ ਹੈਪੇਟਾਈਟਸ B ਨਾਲ ਸੰਕਰਮਿਤ ਹਨ। ਇਹ ਹੈਪੇਟਾਈਟਸ B ਦੀ ਲਾਗ ਨੂੰ ਹੋਰ ਗੰਭੀਰ ਬਣਾ ਸਕਦਾ ਹੈ।
ਹੈਪੇਟਾਈਟਸ ਦੇ ਲੱਛਣ ਅਤੇ ਚੁਣੌਤੀਆਂ
ਹੈਪੇਟਾਈਟਸ ਦੇ ਲੱਛਣ ਸ਼ੁਰੂਆਤੀ ਪੜਾਵਾਂ ‘ਚ ਅਕਸਰ ਅਸਪਸ਼ਟ ਜਾਂ ਗੈਰ-ਮੌਜੂਦ ਹੋ ਸਕਦੇ ਹਨ, ਖਾਸ ਕਰਕੇ ਹੈਪੇਟਾਈਟਸ B ਅਤੇ C ਦੇ ਪੁਰਾਣੇ ਮਾਮਲਿਆਂ ‘ਚ। ਇਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹ ਸੰਕਰਮਿਤ ਹਨ, ਜਦੋਂ ਤੱਕ ਬਿਮਾਰੀ ਜਿਗਰ ਨੂੰ ਕਾਫ਼ੀ ਨੁਕਸਾਨ ਨਹੀਂ ਪਹੁੰਚਾ ਦਿੰਦੀ। ਆਮ ਲੱਛਣਾਂ ‘ਚ ਥਕਾਵਟ, ਬੁਖਾਰ, ਮਤਲੀ, ਭੁੱਖ ਨਾ ਲੱਗਣਾ, ਪੀਲੀਆ (ਚਮੜੀ ਅਤੇ ਅੱਖਾਂ ਦਾ ਪੀਲਾ ਪੈਣਾ), ਗੂੜ੍ਹਾ ਪਿਸ਼ਾਬ ਅਤੇ ਪੇਟ ਦਰਦ ਸ਼ਾਮਲ ਹਨ।
ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਦੁਨੀਆ ਭਰ ‘ਚ ਲੱਖਾਂ ਲੋਕ ਹੈਪੇਟਾਈਟਸ B ਜਾਂ C ਨਾਲ ਪੀੜਤ ਹਨ, ਪਰ ਉਨ੍ਹਾਂ ‘ਚੋਂ ਬਹੁਤਿਆਂ ਨੂੰ ਆਪਣੀ ਸਥਿਤੀ ਬਾਰੇ ਪਤਾ ਨਹੀਂ ਹੈ। ਇਹ “ਸਾਈਲੈਂਟ ਕਿੱਲਰ” ਚੁੱਪ-ਚਾਪ ਜਿਗਰ ਨੂੰ ਨੁਕਸਾਨ ਪਹੁੰਚਾਉਂਦਾ ਰਹਿੰਦਾ ਹੈ। ਜਾਗਰੂਕਤਾ ਦੀ ਘਾਟ, ਜਾਂਚ ਦੀ ਘਾਟ, ਅਤੇ ਇਲਾਜ ਤੱਕ ਸੀਮਤ ਪਹੁੰਚ ਇਸ ਬਿਮਾਰੀ ਦੇ ਫੈਲਣ ਦੇ ਮੁੱਖ ਕਾਰਨ ਹਨ। ਕਈ ਵਾਰ ਸਮਾਜਿਕ ਕਲੰਕ ਵੀ ਲੋਕਾਂ ਨੂੰ ਜਾਂਚ ਕਰਵਾਉਣ ਜਾਂ ਇਲਾਜ ਕਰਵਾਉਣ ਤੋਂ ਝਿਜਕਣ ਦਾ ਕਾਰਨ ਬਣਦਾ ਹੈ।
ਰੋਕਥਾਮ ਅਤੇ ਇਲਾਜ
ਹੈਪੇਟਾਈਟਸ ਨੂੰ ਰੋਕਿਆ ਅਤੇ ਇਲਾਜ ਕੀਤਾ ਜਾ ਸਕਦਾ ਹੈ।
ਟੀਕਾਕਰਨ: ਹੈਪੇਟਾਈਟਸ A ਅਤੇ B ਲਈ ਪ੍ਰਭਾਵਸ਼ਾਲੀ ਟੀਕੇ ਉਪਲਬੱਧ ਹਨ। ਹੈਪੇਟਾਈਟਸ B ਦਾ ਟੀਕਾ ਨਵਜੰਮੇ ਬੱਚਿਆਂ ਨੂੰ ਲਗਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਜਨਮ ਤੋਂ ਹੋਣ ਵਾਲੀ ਲਾਗ ਨੂੰ ਰੋਕਿਆ ਜਾ ਸਕੇ।
ਸਵੱਛਤਾ: ਹੈਪੇਟਾਈਟਸ A ਅਤੇ E ਤੋਂ ਬਚਣ ਲਈ ਸਾਫ਼-ਸਫਾਈ, ਸੁਰੱਖਿਅਤ ਪੀਣ ਵਾਲਾ ਪਾਣੀ, ਅਤੇ ਸਹੀ ਤਰੀਕੇ ਨਾਲ ਪਕਾਇਆ ਭੋਜਨ ਖਾਣਾ ਬਹੁਤ ਜ਼ਰੂਰੀ ਹੈ। ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਵੀ ਮਹੱਤਵਪੂਰਨ ਹੈ।
ਸੁਰੱਖਿਅਤ ਸੰਪਰਕ : ਖੂਨ ਅਤੇ ਸਰੀਰਕ ਤਰਲ ਪਦਾਰਥਾਂ ਦੇ ਸੰਪਰਕ ਤੋਂ ਬਚਣ ਲਈ ਸੁਰੱਖਿਅਤ ਯੌਨ ਸੰਬੰਧ, ਸਾਂਝੀਆਂ ਸੂਈਆਂ ਤੋਂ ਪਰਹੇਜ਼, ਅਤੇ ਟੈਟੂ ਜਾਂ ਛੇਦਣ ਲਈ ਸਟਰਲਾਈਜਡ ਜਾਂ ਅਣਵਰਤੇ ਉਪਕਰਨਾਂ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਖੂਨ ਚੜ੍ਹਾਉਣ ਤੋਂ ਪਹਿਲਾਂ ਖੂਨ ਦੀ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ।
ਜਾਂਚ ਅਤੇ ਇਲਾਜ: ਪੰਜਾਬ ਸਰਕਾਰ ਵੱਲੋਂ ਹੈਪੇਟਾਈਟਸ B ਅਤੇ C ਲਈ ਜਾਂਚ ਅਤੇ ਇਲਾਜ ਸਰਕਾਰੀ ਮੈਡੀਕਲ ਕਾਲਜਾਂ ਅਤੇ ਜਿਲ੍ਹਾ ਹਸਪਤਾਲਾਂ ਵਿੱਚ ਮੁਫ਼ਤ ਉਪਲਬਧ ਹੈ। ਸ਼ੁਰੂਆਤੀ ਜਾਂਚ ਜਿਗਰ ਦੇ ਗੰਭੀਰ ਨੁਕਸਾਨ ਤੋਂ ਪਹਿਲਾਂ ਇਲਾਜ ਸ਼ੁਰੂ ਕਰਨ ਵਿੱਚ ਮਦਦ ਕਰਦੀ ਹੈ। ਹੈਪੇਟਾਈਟਸ B ਲਈ ਪ੍ਰਭਾਵਸ਼ਾਲੀ ਐਂਟੀਵਾਇਰਲ ਦਵਾਈਆਂ ਹਨ ਜੋ ਵਾਇਰਸ ਨੂੰ ਨਿਯੰਤਰਿਤ ਕਰਦੀਆਂ ਹਨ ਅਤੇ ਜਿਗਰ ਦੇ ਨੁਕਸਾਨ ਨੂੰ ਘਟਾਉਂਦੀਆਂ ਹਨ। ਹੈਪੇਟਾਈਟਸ C ਲਈ, ਹੁਣ ਨਵੀਆਂ ਐਂਟੀਵਾਇਰਲ ਦਵਾਈਆਂ ਉਪਲਬਧ ਹਨ ਜੋ ਬਹੁਤ ਪ੍ਰਭਾਵਸ਼ਾਲੀ ਹਨ ਅਤੇ ਜ਼ਿਆਦਾਤਰ ਮਾਮਲਿਆਂ ਵਿੱਚ ਵਾਇਰਸ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦੀਆਂ ਹਨ।
ਨਰਿੰਦਰ ਪਾਲ ਸਿੰਘ
ਬਲਾਕ ਐਜੂਕੇਟਰ
ਸਿਹਤ ਵਿਭਾਗ ਪੰਜਾਬ
98768-05158
Read More: ਪ੍ਰੀਮੀਨੋਪਾਜ਼: ਔਰਤਾਂ ਦੇ ਜੀਵਨ ਦਾ ਇੱਕ ਕੁਦਰਤੀ ਪੜਾਅ, ਜਾਣੋ ਇਸਦੇ ਲੱਛਣ ਤੇ ਇਲਾਜ਼