ਲਕਸ਼ਯ ਸੇਨ

ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੂੰ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ, ਜਾਣੋ ਪੂਰਾ ਮਾਮਲਾ

ਦਿੱਲੀ, 28 ਜੁਲਾਈ 2025: ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੂੰ ਸੁਪਰੀਮ ਕੋਰਟ ਨੇ ਜਨਮ ਸਰਟੀਫਿਕੇਟ ਜਾਅਲਸਾਜ਼ੀ ਮਾਮਲੇ ‘ਚ ਵੱਡੀ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ ਲਕਸ਼ਯ ਵਿਰੁੱਧ ਐਫ.ਆਈ.ਆਰ ਰੱਦ ਕਰ ਦਿੱਤੀ ਹੈ। ਕੋਰਟ ਨੇ ਕਿਹਾ ਹੈ ਕਿ ਲਕਸ਼ਯ ਸੇਨ ਵਿਰੁੱਧ ਅਪਰਾਧਿਕ ਕਾਰਵਾਈ ਜਾਰੀ ਰੱਖਣਾ ਅਨੁਚਿਤ ਹੈ ਅਤੇ ਇਹ ਅਦਾਲਤੀ ਪ੍ਰਕਿਰਿਆ ਦੀ ਦੁਰਵਰਤੋਂ ਹੈ।

ਅਰਜੁਨ ਪੁਰਸਕਾਰ ਜੇਤੂ ਅਤੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਸ਼ਟਲਰ ਲਕਸ਼ਯ ਸੇਨ ‘ਤੇ ਸਾਲ 2022 ‘ਚ ਉਮਰ ਦੇ ਗਲਤ ਵੇਰਵੇ ਦੇਣ ਦਾ ਦੋਸ਼ ਲਗਾਇਆ ਗਿਆ ਸੀ। ਨਾਗਰਾਜ ਐਮਜੀ ਨਾਮ ਦੇ ਇੱਕ ਵਿਅਕਤੀ ਦੀ ਸ਼ਿਕਾਇਤ ਤੋਂ ਬਾਅਦ ਬੰਗਲੁਰੂ ਪੁਲਿਸ ਨੇ ਲਕਸ਼ਯ ਵਿਰੁੱਧ ਐਫਆਈਆਰ ਦਰਜ ਕੀਤੀ ਸੀ।

ਲਕਸ਼ਯ ਸੇਨ ‘ਤੇ ਜੂਨੀਅਰ ਪੱਧਰ ‘ਤੇ ਮੁਕਾਬਲਾ ਕਰਦੇ ਸਮੇਂ ਉਮਰ-ਪ੍ਰਤੀਬੰਧਿਤ ਟੂਰਨਾਮੈਂਟਾਂ ‘ਚ ਦਾਖਲਾ ਪ੍ਰਾਪਤ ਕਰਨ ਲਈ ਆਪਣੀ ਉਮਰ ‘ਚ ਹੇਰਾਫੇਰੀ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਬਾਅਦ, ਇੱਕ ਸਥਾਨਕ ਅਦਾਲਤ ਨੇ ਪੁਲਿਸ ਨੂੰ ਲਕਸ਼ਯ ਵਿਰੁੱਧ ਦੋਸ਼ਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ।

ਲਕਸ਼ਯ ਬੰਗਲੁਰੂ ‘ਚ ਪ੍ਰਕਾਸ਼ ਪਾਦੁਕੋਣ ਬੈਡਮਿੰਟਨ ਅਕੈਡਮੀ ‘ਚ ਸਿਖਲਾਈ ਲੈਂਦਾ ਹੈ। ਐਫਆਈਆਰ ‘ਚ ਜਿਨ੍ਹਾਂ ਲੋਕਾਂ ਦੇ ਨਾਮ ਦਰਜ ਹਨ, ਉਨ੍ਹਾਂ ‘ਚ ਲਕਸ਼ਯ, ਉਸਦਾ ਕੋਚ ਵਿਮਲ ਕੁਮਾਰ, ਉਸਦੇ ਪਿਤਾ ਧੀਰੇਂਦਰ ਸੇਨ, ਉਸਦਾ ਭਰਾ ਚਿਰਾਗ ਅਤੇ ਮਾਂ ਨਿਰਮਲਾ ਸੇਨ ਸ਼ਾਮਲ ਹਨ। ਲਕਸ਼ਯ ਅਤੇ ਹੋਰਾਂ ‘ਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਨ੍ਹਾਂ ‘ਚ 420 (ਧੋਖਾਧੜੀ), 468 (ਧੋਖਾਧੜੀ ਦੇ ਉਦੇਸ਼ ਨਾਲ ਜਾਅਲਸਾਜ਼ੀ) ਅਤੇ 471 (ਜਾਅਲੀ ਰਿਕਾਰਡ ਨੂੰ ਅਸਲੀ ਵਜੋਂ ਵਰਤਣਾ) ਸ਼ਾਮਲ ਹਨ।

Read More: Saina Nehwal Divorce: ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਤੇ ਕਸ਼ਯਪ ਦਾ ਹੋਇਆ ਤਲਾਕ

Scroll to Top