ਸਪੋਰਟਸ, 26 ਜੁਲਾਈ 2025: ਏਸ਼ੀਆ ਕੱਪ 2025: ਪੁਰਸ਼ਾਂ ਦਾ ਏਸ਼ੀਆ ਕੱਪ ਟੀ-20 ਟੂਰਨਾਮੈਂਟ 9 ਤੋਂ 28 ਸਤੰਬਰ ਤੱਕ ਯੂਏਈ ‘ਚ ਹੋਵੇਗਾ। ਇਸ ਦੀ ਪੁਸ਼ਟੀ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਮੋਹਸਿਨ ਨਕਵੀ ਨੇ ਕੀਤੀ ਹੈ। 24 ਜੁਲਾਈ ਨੂੰ ਏਸੀਸੀ ਦੀ ਬੈਠਕ ‘ਚ ਸਥਾਨ ਦਾ ਫੈਸਲਾ ਕੀਤਾ ਗਿਆ ਸੀ। ਬੈਠਕ ‘ਚ ਸਾਰੇ 25 ਮੈਂਬਰ ਦੇਸ਼ਾਂ ਨੇ ਹਿੱਸਾ ਲਿਆ।
ਭਾਰਤ ਨੇ ਢਾਕਾ ‘ਚ ਹੋਈ ਏਸ਼ੀਅਨ ਕ੍ਰਿਕਟ ਕੌਂਸਲ ਦੀ ਬੈਠਕ ‘ਚ ਵਰਚੁਅਲ ਤੌਰ ‘ਤੇ ਹਿੱਸਾ ਲਿਆ। ਬੈਠਕ ਨੂੰ ਲੈ ਕੇ ਵੀ ਕਾਫ਼ੀ ਹੰਗਾਮਾ ਹੋਇਆ। ਏਸੀਸੀ ਦੇ ਪ੍ਰਧਾਨ ਬਣਨ ਤੋਂ ਬਾਅਦ, ਨਕਵੀ ਮਨਮਾਨੇ ਹੋ ਗਏ ਸਨ ਅਤੇ ਭਾਰਤ ‘ਤੇ ਬੰਗਲਾਦੇਸ਼ ਦੇ ਢਾਕਾ ‘ਚ ਹੋਣ ਵਾਲੀ ਬੈਠਕ ‘ਚ ਕਿਸੇ ਨੂੰ ਭੇਜਣ ਲਈ ਦਬਾਅ ਪਾ ਰਹੇ ਸਨ। ਹਾਲਾਂਕਿ, ਬੀਸੀਸੀਆਈ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਕਿਸੇ ਵੀ ਅਧਿਕਾਰੀ ਨੂੰ ਢਾਕਾ ਨਹੀਂ ਭੇਜੇਗਾ। ਇਸ ਤੋਂ ਬਾਅਦ, ਪਾਕਿਸਤਾਨ ਨੂੰ ਹੋਸ਼ ਆਇਆ।
ਸ਼ਡਿਊਲ ਛੇਤੀ ਹੀ ਜਾਰੀ ਹੋਵੇਗਾ
ਹਾਲਾਂਕਿ, ਇਸਦਾ ਸ਼ਡਿਊਲ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸ਼ਡਿਊਲ ਛੇਤੀ ਹੀ ਜਾਰੀ ਕੀਤਾ ਜਾ ਸਕਦਾ ਹੈ। ਇਸ ਦੇ ਨਾਲ, ਭਾਰਤ-ਪਾਕਿਸਤਾਨ ਮੈਚ ਦੇਖਣ ਲਈ ਪ੍ਰਸ਼ੰਸਕਾਂ ਦਾ ਇੰਤਜ਼ਾਰ ਵੀ ਖਤਮ ਹੋ ਜਾਵੇਗਾ। ਇਸ ਟੂਰਨਾਮੈਂਟ ਦਾ ਫਾਰਮੈਟ ਅਜਿਹਾ ਹੈ ਕਿ ਦੋਵੇਂ ਟੀਮਾਂ ਇੱਕ ਤੋਂ ਵੱਧ ਵਾਰ ਟਕਰਾ ਸਕਦੀਆਂ ਹਨ।
ਇਹ ਏਸ਼ੀਆ ਕੱਪ ਦਾ 17ਵਾਂ ਐਡੀਸ਼ਨ ਹੋਵੇਗਾ। ਪਹਿਲਾਂ ਇਹ ਟੂਰਨਾਮੈਂਟ ਸਿਰਫ਼ ਇੱਕ ਰੋਜ਼ਾ ਫਾਰਮੈਟ ‘ਚ ਖੇਡਿਆ ਜਾਂਦਾ ਸੀ, ਪਰ ਹੁਣ ਇਸ ਟੂਰਨਾਮੈਂਟ ਦਾ ਫਾਰਮੈਟ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਦੇ ਫਾਰਮੈਟ ਨੂੰ ਦੇਖ ਕੇ ਤੈਅ ਕੀਤਾ ਜਾਂਦਾ ਹੈ। ਅਗਲੇ ਸਾਲ, ਟੀ-20 ਵਿਸ਼ਵ ਕੱਪ ਭਾਰਤ ਅਤੇ ਸ਼੍ਰੀਲੰਕਾ ਦੁਆਰਾ ਕਰਵਾਇਆ ਜਾਣਾ ਹੈ।
Read More: IND ਬਨਾਮ PAK: ਏਸ਼ੀਆ ਕੱਪ 2025 ‘ਚ ਸਤੰਬਰ ਮਹੀਨੇ ਮੁੜ ਭਿੜਣਗੇ ਭਾਰਤ ਤੇ ਪਾਕਿਸਤਾਨ !