Operation Sindoor

‘ਆਪ੍ਰੇਸ਼ਨ ਸੰਧੂਰ’ ‘ਤੇ ਚਰਚਾ ਲਈ ਰਾਜ ਸਭਾ ਅਤੇ ਲੋਕ ਸਭਾ ‘ਚ ਤਾਰੀਖ਼ ਤੈਅ

ਨਵੀਂ ਦਿੱਲੀ, 25 ਜੁਲਾਈ 2025: ਮਾਨਸੂਨ ਸ਼ੈਸ਼ਨ 2025 ਦੌਰਾਨ ਸੰਸਦ ਦੇ ਦੋਵਾਂ ਸਦਨਾਂ ‘ਚ ‘ਆਪ੍ਰੇਸ਼ਨ ਸੰਧੂਰ’ (Operation Sindoor) ‘ਤੇ ਚਰਚਾ ਲਈ ਸਮਾਂ ਤੈਅ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਯਾਨੀ 28 ਜੁਲਾਈ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਲੋਕ ਸਭਾ ‘ਚ ‘ਆਪ੍ਰੇਸ਼ਨ ਸੰਧੂਰ’ ‘ਤੇ ਚਰਚਾ ਸ਼ੁਰੂ ਕਰਨਗੇ। ਚਰਚਾ ‘ਚ ਹਿੱਸਾ ਲੈਣ ਵਾਲੇ ਹੋਰ ਮੰਤਰੀਆਂ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਸ਼ਾਮਲ ਹਨ।

ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਅਤੇ ਨਿਸ਼ੀਕਾਂਤ ਦੂਬੇ ਵੀ ਇਸ ‘ਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਚਰਚਾ ‘ਚ ਹਿੱਸਾ ਲੈ ਸਕਦੇ ਹਨ। ਇਸੇ ਤਰ੍ਹਾਂ 29 ਜੁਲਾਈ ਨੂੰ ਰਾਜ ਸਭਾ ‘ਚ ‘ਆਪ੍ਰੇਸ਼ਨ ਸੰਧੂਰ’ (Operation Sindoor) ‘ਤੇ ਚਰਚਾ ਸ਼ੁਰੂ ਹੋਵੇਗੀ। ਰਾਜਨਾਥ ਸਿੰਘ, ਜੈਸ਼ੰਕਰ ਅਤੇ ਹੋਰ ਮੰਤਰੀ ਇਸ ‘ਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਮੋਦੀ ਦੇ ਵੀ ਉਪਰਲੇ ਸਦਨ ‘ਚ ਚਰਚਾ ‘ਚ ਹਿੱਸਾ ਲੈਣ ਦੀ ਉਮੀਦ ਹੈ।

ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ, ‘ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ, ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਮੰਗ ਕੀਤੀ ਸੀ ਕਿ ‘ਆਪ੍ਰੇਸ਼ਨ ਸੰਧੂਰ’ ਅਤੇ ਪਹਿਲਗਾਮ ਅੱ.ਤ.ਵਾ.ਦੀ ਹਮਲੇ ‘ਤੇ ਸੰਸਦ ‘ਚ ਚਰਚਾ ਹੋਣੀ ਚਾਹੀਦੀ ਹੈ। ਸਰਕਾਰ ਨੇ ਕਿਹਾ ਕਿ ਅਸੀਂ ਇਸ ‘ਤੇ ਚਰਚਾ ਕਰਨ ਲਈ ਤਿਆਰ ਹਾਂ। ਵਿਰੋਧੀ ਧਿਰ ਪਹਿਲੇ ਦਿਨ ਤੋਂ ਹੀ ਸੰਸਦ ‘ਚ ਹੰਗਾਮਾ ਕਰ ਰਹੀ ਹੈ।

ਉਹ ਸੰਸਦ ਦੇ ਅੰਦਰ ਅਤੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਹ ਸਦਨ ਨੂੰ ਕੰਮ ਨਹੀਂ ਕਰਨ ਦੇ ਰਹੇ ਹਨ। ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਹਫ਼ਤੇ, ਅਸੀਂ ਸਿਰਫ਼ ਇੱਕ ਬਿੱਲ ਪਾਸ ਕਰਨ ਦੇ ਯੋਗ ਹੋਏ ਹਾਂ। ਮੈਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਸੰਸਦ ਦੀ ਕਾਰਵਾਈ ‘ਚ ਵਿਘਨ ਨਾ ਪਾਉਣ ਦੀ ਅਪੀਲ ਕਰਦਾ ਹਾਂ।’

ਉਨ੍ਹਾਂ ਦੱਸਿਆ ਕਿ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਫਸੇ ਜਸਟਿਸ ਯਸ਼ਵੰਤ ਵਰਮਾ ਨੂੰ ਹਟਾਉਣ ਦਾ ਪ੍ਰਸਤਾਵ ਲੋਕ ਸਭਾ ‘ਚ ਲਿਆਂਦਾ ਜਾਵੇਗਾ। ਸਾਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਜਸਟਿਸ ਯਸ਼ਵੰਤ ਵਰਮਾ ਨੂੰ ਹਟਾਉਣ ਦੀ ਕਾਰਵਾਈ ਲੋਕ ਸਭਾ ‘ਚ ਸ਼ੁਰੂ ਹੋਵੇਗੀ।

Read More: ਇੰਡੀਆ ਅਲਾਇੰਸ ਵੱਲੋਂ ਵੋਟਰ ਸੂਚੀ ਸੋਧ ਨੂੰ ਲੈ ਕੇ ਸੰਸਦ ਭਵਨ ਦੇ ਬਾਹਰ ਜ਼ੋਰਦਾਰ ਵਿਰੋਧ ਪ੍ਰਦਰਸ਼ਨ

Scroll to Top