ਇੰਡੀਆ ਅਲਾਇੰਸ

ਇੰਡੀਆ ਅਲਾਇੰਸ ਵੱਲੋਂ ਵੋਟਰ ਸੂਚੀ ਸੋਧ ਨੂੰ ਲੈ ਕੇ ਸੰਸਦ ਭਵਨ ਦੇ ਬਾਹਰ ਜ਼ੋਰਦਾਰ ਵਿਰੋਧ ਪ੍ਰਦਰਸ਼ਨ

ਦਿੱਲੀ, 25 ਜੁਲਾਈ 2025: ਵਿਰੋਧੀ ਪਾਰਟੀਆਂ ਦੇ ਇੰਡੀਆ ਅਲਾਇੰਸ ਨੇ ਬਿਹਾਰ ‘ਚ ਚੱਲ ਰਹੀ ਵੋਟਰ ਸੂਚੀ ਸੋਧ ਪ੍ਰਕਿਰਿਆ ਯਾਨੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦੇ ਖਿਲਾਫ਼ ਸੰਸਦ ਭਵਨ ‘ਚ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਕਾਂਗਰਸ ਆਗੂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਡਿੰਪਲ ਯਾਦਵ ਸਮੇਤ ਕਈ ਸੰਸਦ ਮੈਂਬਰਾਂ ਨੇ ਪ੍ਰਤੀਕਾਤਮਕ ਤੌਰ ‘ਤੇ ਵੋਟਰ ਸੂਚੀ ਦੀ ਕਾਪੀ ਪਾੜ ਕੇ ਕੂੜੇਦਾਨ ‘ਚ ਸੁੱਟ ਦਿੱਤੀ ਅਤੇ ਸਰਕਾਰ ‘ਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਹ ਪੂਰੀ ਪ੍ਰਕਿਰਿਆ ਚੋਣਾਂ ਤੋਂ ਠੀਕ ਪਹਿਲਾਂ ਚਲਾ ਕੇ ਲੋਕਾਂ ਦੇ ਵੋਟਿੰਗ ਅਧਿਕਾਰ ਨੂੰ ਖੋਹਣ ਦੀ ਕੋਸ਼ਿਸ਼ ਹੈ।

ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸੰਸਦ ਭਵਨ ‘ਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੀ ਸੂਚੀ ਪਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਿਯੰਕਾ ਗਾਂਧੀ ਵਾਡਰਾ ਅਤੇ ਸਪਾ ਸੰਸਦ ਮੈਂਬਰ ਡਿੰਪਲ ਯਾਦਵ ਵੀ ਉਨ੍ਹਾਂ ਦੇ ਨਾਲ ਸਨ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਇਹ ਲੋਕਤੰਤਰ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਵੋਟਰ ਸੂਚੀ ਦਾ ਪਤਾ ਹੋਣਾ ਚਾਹੀਦਾ ਹੈ। ਜਦੋਂ ਅਸੀਂ ਇਹ ਸੂਚੀ ਮੰਗੀ ਸੀ, ਤਾਂ ਇਹ ਕਿਉਂ ਨਹੀਂ ਦਿੱਤੀ ਗਈ? ਕੀ ਲੁਕਾਇਆ ਜਾ ਰਿਹਾ ਹੈ?

ਰਾਜ ਸਭਾ ‘ਚ ਵਿਰੋਧੀ ਧਿਰ ਦੇ ਆਗੂ ਮਲਿਕਾਰੁਜਨ ਖੜਗੇ ਨੇ ਕਿਹਾ ਕਿ ਸਰਕਾਰ ਦਾ ਇਰਾਦਾ ਗਰੀਬਾਂ ਨੂੰ ਵੋਟ ਪਾਉਣ ਤੋਂ ਵਾਂਝਾ ਰੱਖਣਾ ਹੈ, ਤਾਂ ਜੋ ਸਿਰਫ਼ ਅਮੀਰ ਹੀ ਵੋਟ ਪਾਉਣ। ਇਹ ਪੂਰੀ ਪ੍ਰਕਿਰਿਆ ਸੰਵਿਧਾਨ ਦੇ ਵਿਰੁੱਧ ਹੈ। ਅਸੀਂ ਇਸ ਵੋਟਰ ਸੂਚੀ ਸੋਧ ਦੇ ਖ਼ਿਲਾਫ ਲੜ ਰਹੇ ਹਾਂ। ਖੜਗੇ ਨੇ ਵੀ SIR ਸੂਚੀ ਨੂੰ ਪਾੜ ਕੇ ਅਤੇ ਕੂੜੇਦਾਨ ‘ਚ ਸੁੱਟ ਕੇ ਆਪਣਾ ਵਿਰੋਧ ਦਰਜ ਕਰਵਾਇਆ।

ਕਾਂਗਰਸ ਦੇ ਸੰਸਦ ਮੈਂਬਰ ਪ੍ਰਮੋਦ ਤਿਵਾੜੀ ਨੇ ਕਿਹਾ ਕਿ ਇਹ ਪੂਰੀ ਪ੍ਰਕਿਰਿਆ ਲੋਕਤੰਤਰ ਦਾ ਕਤਲ ਹੈ। ਅਸੀਂ ਹਰ ਲੋਕਤੰਤਰੀ ਤਰੀਕੇ ਨਾਲ ਇਸਦਾ ਵਿਰੋਧ ਕਰਦੇ ਰਹਾਂਗੇ। ਸਰਕਾਰ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ‘ਤੇ ਹਮਲਾ ਕਰ ਰਹੀ ਹੈ।

Read More: ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ‘ਤੇ ਕਰਨਾਟਕ ‘ਚ ਧੋਖਾਧੜੀ ਦਾ ਲਗਾਇਆ ਦੋਸ਼

Scroll to Top