ਬਿਹਾਰ, 19 ਜੁਲਾਈ 2025: Patna hospital murder case: ਬਿਹਾਰ ਦੀ ਰਾਜਧਾਨੀ ਪਟਨਾ ਦੇ ਇੱਕ ਹਸਪਤਾਲ ‘ਚ ਕੁਝ ਦਿਨ ਪਹਿਲਾਂ ਇੱਕ ਗੈਂਗਸਟਰ ਦੇ ਕਤਲ ਦੇ ਮਾਮਲੇ ‘ਚ ਕੋਲਕਾਤਾ ਨੇੜੇ ਨਿਊ ਟਾਊਨ ਤੋਂ ਘੱਟੋ-ਘੱਟ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਸ਼ਨੀਵਾਰ ਨੂੰ ਕਿਹਾ ਕਿ ਸ਼ਨੀਵਾਰ ਤੜਕੇ ਪਟਨਾ ਪੁਲਿਸ ਅਤੇ ਪੱਛਮੀ ਬੰਗਾਲ ਐਸਟੀਐਫ ਦੁਆਰਾ ਸਾਂਝੇ ਛਾਪੇਮਾਰੀ ਤੋਂ ਬਾਅਦ ਮੁਲਜ਼ਮਾਂ ਨੂੰ ਮਹਾਂਨਗਰ ਦੇ ਸੈਟੇਲਾਈਟ ਟਾਊਨਸ਼ਿਪ ਦੇ ਇੱਕ ਰਿਹਾਇਸ਼ੀ ਕੰਪਲੈਕਸ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਬਿਹਾਰ ਦੀ ਰਾਜਧਾਨੀ ਪਟਨਾ ਦੇ ਪਾਰਸ ਹਸਪਤਾਲ ‘ਚ ਇਲਾਜ ਅਧੀਨ ਬਦਮਾਸ਼ ਚੰਦਨ ਮਿਸ਼ਰਾ ਦਾ ਗੋਲੀ ਮਾਰ ਕੇ ਕਤਲ ਦੇ ਮਾਮਲੇ ‘ਚ ਪੁਲਿਸ ਨੂੰ ਕੁਝ ਤਸਵੀਰਾਂ ਮਿਲੀਆਂ ਸਨ। ਹਸਪਤਾਲ ‘ਚ ਲੱਗੇ ਸੀਸੀਟੀਵੀ ਫੁਟੇਜ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ। ਤਸਵੀਰਾਂ ‘ਚ ਮੁਲਜ਼ਮ ਮੋਟਰਸਾਇਕਲ ‘ਤੇ ਸਵਾਰ ਅਤੇ ਹੱਥ ‘ਚ ਬੰਦੂਕ ਲਹਿਰਾਉਂਦੇ ਦਿਖਾਈ ਦੇ ਰਹੇ ਹਨ। ਪੁਲਿਸ ਮੁਤਾਬਕ ਇਹ ਤਸਵੀਰ ਸ਼ਾਇਦ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਦੀ ਹੈ।
ਘਟਨਾ ‘ਚ ਸ਼ਾਮਲ ਮੁੱਖ ਮੁਲਜ਼ਮ ਦੀ ਪਛਾਣ ਤੌਸੀਫ ਬਾਦਸ਼ਾਹ ਵਜੋਂ ਹੋਈ ਹੈ, ਜੋ ਫੁਲਵਾੜੀ ਸ਼ਰੀਫ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਕਿ ਉਹ ਪੇਸ਼ੇ ਤੋਂ ਇੱਕ ਕੰਟਰੈਕਟ ਕਿਲਰ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਤੌਸੀਫ ਨੇ ਆਪਣੀ ਪੁਰਾਣੀ ਦੁਸ਼ਮਣੀ ਦਾ ਬਦਲਾ ਲੈਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਜਾਂ ਕਿਸੇ ਨੇ ਉਸਨੂੰ ਅਜਿਹਾ ਕਰਨ ਲਈ ਕਿਰਾਏ ‘ਤੇ ਲਿਆ ਸੀ। ਇਸ ਤੋਂ ਇਲਾਵਾ ਤੌਸੀਫ਼ ਖ਼ਿਲਾਫ਼ ਅਸਲਾ ਐਕਟ ਤਹਿਤ ਵੀ ਮਾਮਲੇ ਦਰਜ ਹਨ।
ਇਸ ਵਾਰਦਾਤ ‘ਚ ਸ਼ਾਮਲ ਸਾਰੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ। ਤੌਸੀਫ਼ ਤੋਂ ਇਲਾਵਾ ਆਕਿਬ ਮਲਿਕ, ਸੋਨੂੰ, ਕਾਲੂ ਉਰਫ਼ ਮੁਸਤਕੀਮ ਅਤੇ ਭਿੰਡੀ ਉਰਫ਼ ਬਲਵੰਤ ਸਿੰਘ ਵੀ ਇਸ ਘਟਨਾ ‘ਚ ਸ਼ਾਮਲ ਸਨ। ਐਸਐਸਪੀ ਕਾਰਤੀਕੇਯ ਸ਼ਰਮਾ ਨੇ ਖੁਦ ਜਾਣਕਾਰੀ ਦਿੱਤੀ ਹੈ।
Read More: ਬਿਹਾਰ ਦੇ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਵੱਡਾ ਤੋਹਫਾ, ਘਰੇਲੂ ਖਪਤਕਾਰਾਂ ਬਿਜਲੀ ਮੁਫ਼ਤ