ਸਪੋਰਟਸ, 17 ਜੁਲਾਈ 2025: ਵੈਸਟਇੰਡੀਜ਼ ਦੇ ਤਜਰਬੇਕਾਰ ਕ੍ਰਿਕਟਰ ਆਂਦਰੇ ਰਸਲ (Andre Russell) ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ | ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਜਮੈਕਾ ਦੇ ਸਬੀਨਾ ਪਾਰਕ ‘ਚ ਆਸਟ੍ਰੇਲੀਆ ਵਿਰੁੱਧ ਪਹਿਲੇ ਦੋ ਟੀ-20 ਮੈਚਾਂ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ। 37 ਸਾਲਾ ਰਸਲ 2019 ਤੋਂ ਸਿਰਫ਼ ਟੀ-20 ਕ੍ਰਿਕਟ ਖੇਡ ਰਿਹਾ ਹੈ।
ਆਂਦਰੇ ਰਸਲ (Andre Russell) ਨੇ ਕਿਹਾ, ‘ਵੈਸਟਇੰਡੀਜ਼ ਲਈ ਖੇਡਣਾ ਮੇਰੇ ਲਈ ਮਾਣ ਵਾਲੀ ਗੱਲ ਰਹੀ ਹੈ। ਬਚਪਨ ‘ਚ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਇਸ ਮੁਕਾਮ ‘ਤੇ ਪਹੁੰਚਾਂਗਾ। ਕ੍ਰਿਕਟ ਲਈ ਪਿਆਰ ਨੇ ਮੈਨੂੰ ਬਿਹਤਰ ਬਣਨ ਲਈ ਪ੍ਰੇਰਿਤ ਕੀਤਾ। ਮੈਂ ਵੈਸਟਇੰਡੀਜ਼ ਦੀ ਜਰਸੀ ‘ਚ ਆਪਣੀ ਛਾਪ ਛੱਡਣਾ ਅਤੇ ਦੂਜਿਆਂ ਲਈ ਪ੍ਰੇਰਨਾ ਬਣਨਾ ਚਾਹੁੰਦਾ ਸੀ।’
ਉਨ੍ਹਾਂ ਕਿਹਾ, ‘ਮੈਨੂੰ ਆਪਣੇ ਘਰ ‘ਚ ਪਰਿਵਾਰ ਅਤੇ ਦੋਸਤਾਂ ਦੇ ਸਾਹਮਣੇ ਖੇਡਣਾ ਪਸੰਦ ਹੈ। ਮੈਂ ਆਪਣੇ ਕਰੀਅਰ ਦਾ ਅੰਤ ਸ਼ਾਨਦਾਰ ਪ੍ਰਦਰਸ਼ਨ ਨਾਲ ਕਰਨਾ ਚਾਹੁੰਦਾ ਹਾਂ ਅਤੇ ਅਗਲੀ ਪੀੜ੍ਹੀ ਲਈ ਇੱਕ ਉਦਾਹਰਣ ਬਣਨਾ ਚਾਹੁੰਦਾ ਹਾਂ।’
ਰਸਲ ਨੂੰ ਆਸਟ੍ਰੇਲੀਆ ਵਿਰੁੱਧ ਟੀ-20 ਟੀਮ ‘ਚ ਸ਼ਾਮਲ ਕੀਤਾ ਗਿਆ ਹੈ। 5 ਟੀ-20 ਮੈਚਾਂ ਦੀ ਲੜੀ 21 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਅਤੇ ਦੂਜਾ ਮੈਚ ਜਮੈਕਾ ਦੇ ਸਬੀਨਾ ਪਾਰਕ ਸਟੇਡੀਅਮ ‘ਚ ਖੇਡਿਆ ਜਾਵੇਗਾ।
ਰਸਲ ਨਿਕੋਲਸ ਪੂਰਨ ਤੋਂ ਬਾਅਦ ਦੋ ਮਹੀਨਿਆਂ ‘ਚ ਅੰਤਰਰਾਸ਼ਟਰੀ ਕ੍ਰਿਕਟ ਛੱਡਣ ਵਾਲਾ ਵੈਸਟਇੰਡੀਜ਼ ਦਾ ਦੂਜਾ ਵੱਡਾ ਖਿਡਾਰੀ ਹੈ। ਨਿਕੋਲਸ ਪੂਰਨ ਨੇ ਵੀ 9 ਜੂਨ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ।
ਰਸਲ 2019 ਤੋਂ ਬਾਅਦ ਟੀਮ ਦਾ ਇਕਲੌਤਾ ਖਿਡਾਰੀ ਹੈ ਜਿਸਨੇ 84 ਤੋਂ ਵੱਧ ਮੈਚ ਖੇਡੇ ਹਨ। ਉਹ 2026 ‘ਚ ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ 7 ਮਹੀਨੇ ਪਹਿਲਾਂ ਸੰਨਿਆਸ ਲੈਣ ਜਾ ਰਿਹਾ ਹੈ। ਰਸਲ ਨੇ ਵੈਸਟਇੰਡੀਜ਼ ਲਈ 2 ਟੀ-20 ਵਿਸ਼ਵ ਕੱਪ ਜਿੱਤੇ ਹਨ। ਵਿੰਡੀਜ਼ ਨੇ 2012 ਵਿੱਚ ਸ਼੍ਰੀਲੰਕਾ ਨੂੰ 36 ਵਿਕਟਾਂ ਨਾਲ ਹਰਾ ਕੇ ਅਤੇ 2016 ‘ਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।
Read More: ICC Test Ranking: ਜੋ ਰੂਟ ਮੁੜ ਬਣੇ ਨੰਬਰ-1 ਟੈਸਟ ਬੱਲੇਬਾਜ਼, ਗੇਂਦਬਾਜ਼ੀ ‘ਚ ਬੁਮਰਾਹ ਦਾ ਦਬਦਬਾ ਕਾਇਮ