ਦੇਸ਼ 12 ਜੁਲਾਈ 2025: Rozgar Mela: ਸ਼ਨੀਵਾਰ ਨੂੰ ਦੇਸ਼ ਭਰ ਦੇ 47 ਸ਼ਹਿਰਾਂ ‘ਚ ਰੁਜ਼ਗਾਰ ਮੇਲੇ ਲਗਾਏ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨਵ-ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਨੌਜਵਾਨਾਂ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦਾ ਉਦੇਸ਼ ਪਾਰਦਰਸ਼ੀ ਅਤੇ ਇਮਾਨਦਾਰ ਭਰਤੀ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਲੱਖਾਂ ਨੌਜਵਾਨਾਂ ਨੂੰ ਅਜਿਹੇ ਰੁਜ਼ਗਾਰ ਮੇਲਿਆਂ ਰਾਹੀਂ ਨੌਕਰੀਆਂ ਮਿਲੀਆਂ ਹਨ ਅਤੇ ਉਹ ਅੱਜ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾ ਰਹੇ ਹਨ।
ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਨੌਜਵਾਨ ਜਿਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ‘ਚ ਨਿਯੁਕਤ ਕੀਤਾ ਜਾ ਰਿਹਾ ਹੈ, ਆਉਣ ਵਾਲੇ ਸਮੇਂ ‘ਚ ਦੇਸ਼ ਦੇ ਵਿਕਾਸ ਦੀ ਗਤੀ ਨੂੰ ਤੇਜ਼ ਕਰਨਗੇ। ਉਨ੍ਹਾਂ ਕਿਹਾ ਕਿ ਕੁਝ ਦੇਸ਼ ਦੀ ਰੱਖਿਆ ਕਰਨਗੇ, ਕੁਝ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਸੱਚੇ ਸਿਪਾਹੀ ਬਣਨਗੇ। ਕੁਝ ਵਿੱਤੀ ਸਮਾਵੇਸ਼ ਮਿਸ਼ਨ ਨੂੰ ਮਜ਼ਬੂਤ ਕਰਨਗੇ, ਜਦੋਂ ਕਿ ਕੁਝ ਉਦਯੋਗਾਂ ਦੇ ਵਿਕਾਸ ‘ਚ ਯੋਗਦਾਨ ਪਾਉਣਗੇ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਵੇਂ ਨਿਯੁਕਤੀ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਦੇ ਵਿਭਾਗ ਵੱਖ-ਵੱਖ ਹਨ, ਪਰ ਉਨ੍ਹਾਂ ਦਾ ਉਦੇਸ਼ ਇੱਕੋ ਹੈ – ਰਾਸ਼ਟਰੀ ਸੇਵਾ। ਉਨ੍ਹਾਂ ਕਿਹਾ ਕਿ ਤੁਹਾਡੇ ਵਿਭਾਗ ਵੱਖ-ਵੱਖ ਹੋ ਸਕਦੇ ਹਨ, ਪਰ ਤੁਸੀਂ ਸਾਰੇ ਇੱਕੋ ਸਰੀਰ ਦੇ ਅੰਗ ਹੋ ਅਤੇ ਉਹ ਹੈ – ਦੇਸ਼ ਦੀ ਸੇਵਾ। ਜਿਕਰਯੋਗ ਹੈ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ੇਸ਼ ਤੌਰ ‘ਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰੁਜ਼ਗਾਰ ਮੇਲੇ ਦੀ ਮੁਹਿੰਮ ਨੇ ਇਹ ਵਿਸ਼ਵਾਸ ਪੈਦਾ ਕੀਤਾ ਹੈ ਕਿ ਸਰਕਾਰੀ ਨੌਕਰੀਆਂ ਹੁਣ ਸਿਫ਼ਾਰਸ਼ ਜਾਂ ਰਿਸ਼ਵਤ ਤੋਂ ਬਿਨਾਂ, ਸਿਰਫ਼ ਯੋਗਤਾ ਦੇ ਆਧਾਰ ‘ਤੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
Read More: ITI ਨੰਗਲ ਰੋਜ਼ਗਾਰ ਮੇਲੇ ‘ਚ 516 ਉਮੀਦਵਾਰਾਂ ਨੂੰ ਨੌਕਰੀ ਲਈ ਦਿੱਤੇ ਆਫ਼ਰ ਲੈਟਰ