ਸਤਨਾਮ ਸਿੰਘ ਸੰਧੂ

MP ਸਤਨਾਮ ਸਿੰਘ ਸੰਧੂ ਵੱਲੋਂ ਨਸ਼ੇ ਦੀਆਂ ਸਮੱਸਿਆ ਨਾਲ ਨਜਿੱਠਣ ਲਈ 5 ਸੂਤਰੀ ਰੂਪ-ਰੇਖਾ ਪੇਸ਼

ਚੰਡੀਗੜ੍ਹ/ਮੋਹਾਲੀ 12 ਜੁਲਾਈ 2025: ਪੰਜਾਬ ਅਨ-ਏਡਿਡ ਕਾਲਜ ਐਸੋਸੀਏਸ਼ਨ (ਪੂਕਾ) ਵੱਲੋਂ ਚੰਡੀਗੜ੍ਹ ਵਿਖੇ ਨਸ਼ੇ ਖਿਲਾਫ ਕਰਵਾਏ ਜਾਗਰੂਕਤਾ ਕੈਂਪ ਦੌਰਾਨ ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਭਾਰਤ ‘ਚ ਨਸ਼ਾ ਫੈਲਾਉਣ ਲਈ ਵਿਦੇਸ਼ੀ ਤਾਕਤਾਂ ਸਾਜਿਸ਼ਾ ਘੜ ਰਹੀਆਂ ਹਨ, ਕਿਉਂਕਿ ਸਾਡੇ ਜੋ ਗੁਆਂਢੀ ਦੇਸ਼ ਹਨ, ਉਹ ਭਾਰਤ ਦੇ ਵਿਚ ਨਾਰਕੋ ਟੈਰੋਰਿਜ਼ਮ ਨੂੰ ਉਤਸ਼ਾਹਿਤ ਕਰ ਰਹੇ ਹਨ। ਇਸਦੇ ਨਾਲ ਹੀ ਸਰਹੱਦੀ ਸੂਬਾ ਹੋਣ ਕਰ ਕੇ ਪੰਜਾਬ ਨੂੰ ਨਸ਼ਿਆਂ ਵਰਗੀਆਂ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਕਰਯੋਗ ਹੈ ਕਿ ਪੰਜਾਬ ਦੀ 553 ਕਿਲੋਮੀਟਰ ਦੀ ਸਰਹੱਦ ਗੁਆਂਢੀ ਦੇਸ਼ ਪਾਕਿਸਤਾਨ ਨਾਲ ਲੱਗਦੀ ਹੈ।

ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਇਸ ‘ਚ ਜੋ ਸਿੱਖਿਆ ਦੇ ਅਦਾਰੇ ਹਨ ਚਾਹੇ ਉਹ ਕਾਲਜ ਜਾਂ ਯੂਨੀਵਰਸਿਟੀਆਂ ਹਨ, ਉਹ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਕਰਨ ਲਈ ਬਹੁਤ ਵੱਡਾ ਰੋਲ ਅਦਾ ਕਰਦੀਆਂ ਹਨ। ਇਹ ਪ੍ਰੋਗਰਾਮ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰਸ਼ਾਸਕ ਤੇ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਹੇਠ ਕਰਵਾਇਆ ਗਿਆ।

ਸਤਨਾਮ ਸਿੰਘ ਸੰਧੂ ਨੇ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ 5 ਸੂਤਰੀ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ, ਜਿਹੜਾ ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜਾਂ ਵੱਲੋਂ ਚਲਾਇਆ ਜਾਵੇਗਾ। ਪਹਿਲਾ ਸੂਤਰ ਇਹ ਹੋਵੇਗਾ ਕਿ ਜਿਸ ਖੇਤਰ ‘ਚ ਕੋਈ ਪ੍ਰਾਈਵੇਟ ਉੱਚ ਅਕਾਦਮਿਕ ਅਦਾਰਾ, ਯੂਨੀਵਰਸਿਟੀ ਜਾਂ ਕਾਲਜ ਹੋਵੇਗਾ, ਉਸਦੇ ਆਲੇ-ਦੁਆਲੇ ਦੇ 10 ਪਿੰਡ ਜਾਂ ਕਸਬਿਆਂ ਨੂੰ ਗੋਦ ‘ਚ ਲੈਣਗੇ ਤੇ ਉਨ੍ਹਾਂ ਵਿਚ ਜਾ ਕੇ ਨੌਜਵਾਨਾਂ ਤੇ ਲੋਕਾਂ ਲਈ ਜਾਗਰੂਕਤਾ ਅਭਿਆਨ ਉਸ ਯੂਨੀਵਰਸਿਟੀ ਜਾਂ ਕਾਲਜ ਵੱਲੋਂ ਚਲਾਇਆ ਜਾਵੇਗਾ।

ਦੂਜਾ ਇਹ ਕਿ ਇਨ੍ਹਾਂ ਇਲਾਕਿਆਂ ‘ਚ ਮੁੜ ਵਸੇਬਾ (ਰੀ-ਹੈਬਿਲੀਟੇਸ਼ਨ) ਪੋ੍ਰਗਰਾਮ ਤੇ ਹੁਨਰ ਵਿਕਾਸ (ਸਕਿੱਲ ਡਿਵੈਲਪਮੈਂਟ) ਪ੍ਰੋਗਰਾਮ ਨੌਜਵਾਨਾਂ ਦੇ ਲਈ ਇਨ੍ਹਾਂ ਅਦਾਰਿਆਂ ਵੱਲੋਂ ਚਲਾਇਆ ਜਾਵੇਗਾ।ਤੀਜਾ ਇਹ ਕਿ ਜਿਹੜੇ ਵੀ ਗਾਇਕ ਜਾਂ ਅਦਾਕਾਰ ਆਪਣੇ ਗਾਣਿਆਂ ਤੇ ਫਿਲਮਾਂ ‘ਚ ਨਸ਼ੇ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹਨ।ਉਨ੍ਹਾਂ ਦੀ ਇਨ੍ਹਾਂ ਪ੍ਰਾਇਵੇਟ ਅਕਾਦਮਿਕ ਅਦਾਰਿਆਂ ‘ਚ ਆਉਣ ’ਤੇ ਪਾਬੰਦੀ ਲੱਗਾ ਦਿੱਤੀ ਜਾਵੇਗੀ।

ਚੌਥਾ ਇਹ ਕਿ ਇਨ੍ਹਾਂ ਅਕਾਦਮਿਕ ਅਦਾਰਿਆਂ ਵੱਲੋਂ ਆਪਣੇ-ਆਪਣੇ ਇਲਾਕਿਆਂ ‘ਚ ਇਕ ਸਰਵੇ ਰਿਪੋਰਟ ਵੀ ਤਿਆਰ ਕੀਤੀ ਜਾਵੇਗੀ, ਜਿਨ੍ਹਾਂ ਵੱਲੋਂ ਜਾਂਚ ਕੀਤੀ ਜਾਵੇਗੀ ਕਿ ਉਥੇ ਦੇ ਨੌਜਵਾਨਾਂ ‘ਚ ਕਿਸ ਚੀਜ਼ ਵਿਚ ਜ਼ਿਆਦਾ ਦਿਲਚਸਪੀ ਹੈ, ਜਿਸ ‘ਚ ਸਪੋਰਟਸ, ਨਵਾਂ ਕੰਮ ਸ਼ੁਰੂ ਕਰਨ, ਹੁਨਰ ਵਿਕਾਸ ਸ਼ਾਮਲ ਹੈ ਤੇ ਉਥੇ ਇਨ੍ਹਾਂ ਮੌਕਿਆਂ ਦੀ ਕਿੰਨੀ ਘਾਟ ਹੈ। ਪੰਜਵਾਂ ਇਹ ਕਿ ਇਹ ਸਰਵੇ ਇਨ੍ਹਾਂ ਪ੍ਰਾਈਵੇਟ ਅਕਾਦਮਿਕ ਅਦਾਰਿਆਂ ਵੱਲੋਂ ਸਰਕਾਰ ਨਾਲ ਵੀ ਸਾਂਝਾ ਕੀਤਾ ਜਾਵੇਗਾ ਤੇ ਇਸ ‘ਚ ਜੋ ਵੀ ਕਮੀਆਂ ਸਾਹਮਣੇ ਆਉਣਗੀਆਂ ਉਸ ਦੇ ਹੱਲ ਲਈ ਇਨ੍ਹਾਂ ਉਚ ਅਕਾਦਮਿਕ ਅਦਾਰਿਆਂ ਵੱਲੌਂ ਆਪਣਾ ਯੋਗਦਾਨ ਵੀ ਦਿੱਤਾ ਜਾਵੇਗਾ।

ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਤੇ ਪੁਲਿਸ ਵੱਲੋਂ ਪਿਛਲੇ 10 ਸਾਲਾਂ ਵਿਚ ਦੇਸ਼ ਭਰ ‘ਚ 7 ਗੁਣਾ ਵੱਧ ਨਸ਼ਾ ਸਮੱਗਰੀ ਜਬਤ ਕੀਤੀ ਹੈ। ਇਸ ਦੇ ਵਿਚ ਸਭ ਤੋਂ ਵੱਡਾ ਹਿੱਸਾ ਪੰਜਾਬ ‘ਚੋਂ ਜਬਤ ਕੀਤਾ ਹੈ। ਸਿਰਫ ਭਾਰਤ ਹੀ ਨਹੀਂ ਅਮਰੀਕਾ ਸਮੇਤ ਕਈ ਵਿਕਾਸਸ਼ੀਲ ਦੇਸ਼ ਵੀ ਨਸ਼ੇ ਵਰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਜਿਥੇ ਲੱਖਾਂ ਲੋਕ ਨਸ਼ੇ ਦਾ ਸੇਵਨ ਕਰ ਰਹੇ ਹਨ ਤੇ ਇਸ ਨਾਲ ਕਈਆਂ ਦੀ ਮੌਤ ਓਵਰਡੋਜ਼ ਕਾਰਨ ਹੋਈ ਹੈ। ਇਸ ਮੌਕੇ ਵੱਡੀ ਗਿਣਤੀ ‘ਚ ਪੰਜਾਬ ਅਨ-ਏਡਿਡ ਕਾਲਜ ਐਸੋਸੀਸ਼ਨ ਦੇ ਆਗੂ, ਮੈਂਬਰ ਤੇ ਇਲਾਕਾ ਤੇ ਹੋਰ ਵਿਅਕਤੀ ਵੀ ਹਾਜ਼ਰ ਸਨ।

Read More: ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਵੱਲੋਂ MP ਸਤਨਾਮ ਸਿੰਘ ਸੰਧੂ ਨਾਲ ਮੁਲਾਕਾਤ

Scroll to Top