ਸਪੋਰਟਸ, 09 ਜੁਲਾਈ 2025: IND ਬਨਾਮ ENG 3rd Test Match: ਭਾਰਤੀ ਕ੍ਰਿਕਟ ਟੀਮ ਨੇ ਦੂਜੇ ਟੈਸਟ ਮੈਚ ‘ਚ ਇੰਗਲੈਂਡ ਦੀ ਟੀਮ ਨੂੰ 336 ਦੌੜਾਂ ਨਾਲ ਹਰਾ ਦਿੱਤਾ ਸੀ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਹੁਣ ਦੋਵਾਂ ਟੀਮਾਂ ਵਿਚਕਾਰ ਲੜੀ ਦਾ ਤੀਜਾ ਮੈਚ 10 ਜੁਲਾਈ ਨੂੰ ਲਾਰਡਜ਼ ਦੇ ਇਤਿਹਾਸਕ ਮੈਦਾਨ ‘ਤੇ ਖੇਡਿਆ ਜਾਵੇਗਾ।
ਲਾਰਡਜ਼ ਨੂੰ ਕ੍ਰਿਕਟ ਦਾ ਮੱਕਾ ਕਿਹਾ ਜਾਂਦਾ ਹੈ ਅਤੇ ਕਿਸੇ ਵੀ ਟੀਮ ਲਈ ਇੱਥੇ ਜਿੱਤਣਾ ਆਸਾਨ ਨਹੀਂ ਹੈ। ਅਜਿਹੀ ਸਥਿਤੀ ‘ਚ ਤੀਜੇ ਟੈਸਟ ਤੋਂ ਪਹਿਲਾਂ, ਆਓ ਜਾਣਦੇ ਹਾਂ ਕਿ ਭਾਰਤੀ ਟੀਮ ਦਾ ਲਾਰਡਜ਼ ‘ਤੇ ਟੈਸਟ ਰਿਕਾਰਡ ਕਿਵੇਂ ਹੈ ?
ਭਾਰਤ ਨੇ ਹੁਣ ਤੱਕ ਲਾਰਡਜ਼ ‘ਤੇ 19 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਸਿਰਫ 3 ਮੈਚ ਹੀ ਜਿੱਤੇ ਹਨ। ਭਾਰਤ ਨੇ ਪਹਿਲਾ ਮੈਚ 1986 ‘ਚ ਕਪਿਲ ਦੇਵ ਦੀ ਅਗਵਾਈ ‘ਚ ਅਤੇ ਦੂਜਾ 2014 ‘ਚ ਐਮਐਸ ਧੋਨੀ ਦੀ ਕਪਤਾਨੀ ‘ਚ ਜਿੱਤਿਆ ਸੀ। ਤੀਜਾ ਮੈਚ 2021 ‘ਚ ਵਿਰਾਟ ਕੋਹਲੀ ਦੀ ਕਪਤਾਨੀ ‘ਚ 151 ਦੌੜਾਂ ਨਾਲ ਜਿੱਤਿਆ ਸੀ।
ਇੰਗਲੈਂਡ ‘ਚ ਇਤਿਹਾਸ ਰਚਣ ਦੇ ਨੇੜੇ ਸ਼ੁਭਮਨ ਗਿੱਲ
ਭਾਰਤੀ ਟੀਮ ਦੇ ਟੈਸਟ ਕਪਤਾਨ ਸ਼ੁਭਮਨ ਗਿੱਲ ਇੰਗਲੈਂਡ ‘ਚ ਇਤਿਹਾਸ ਰਚਣ ਦੇ ਨੇੜੇ ਹਨ। ਉਨ੍ਹਾਂ ਨੇ ਸਿਰਫ਼ 2 ਟੈਸਟਾਂ ‘ਚ 3 ਸੈਂਕੜੇ ਲਗਾ ਕੇ 585 ਦੌੜਾਂ ਬਣਾਈਆਂ ਹਨ। 3 ਟੈਸਟਾਂ ‘ਚ 390 ਹੋਰ ਦੌੜਾਂ ਬਣਾ ਕੇ ਸ਼ੁਭਮਨ ਇੱਕ ਸੀਰੀਜ਼ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਜਾਵੇਗਾ। ਇਸ ਮਾਮਲੇ ‘ਚ ਉਹ ਆਸਟ੍ਰੇਲੀਆਈ ਮਹਾਨ ਖਿਡਾਰੀ ਡੋਨਾਲਡ ਬ੍ਰੈਡਮੈਨ ਦਾ 95 ਸਾਲ ਪੁਰਾਣਾ ਰਿਕਾਰਡ ਤੋੜ ਦੇਵੇਗਾ।
ਦੂਜੇ ਪਾਸੇ ਸ਼ੁਭਮਨ ਗਿੱਲ ਇੱਕ ਸੀਰੀਜ਼ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਭਾਰਤੀ ਵੀ ਬਣ ਸਕਦਾ ਹੈ। ਇਸ ਮਾਮਲੇ ‘ਚ ਗਿੱਲ ਸਾਬਕਾ ਖਿਡਾਰੀ ਸੁਨੀਲ ਗਾਵਸਕਰ ਦਾ 54 ਸਾਲ ਪੁਰਾਣਾ ਰਿਕਾਰਡ ਤੋੜ ਸਕਦਾ ਹੈ। ਇੰਨਾ ਹੀ ਨਹੀਂ, ਉਹ ਇੰਗਲੈਂਡ ‘ਚ ਇੱਕ ਸੀਰੀਜ਼ ‘ਚ ਸਭ ਤੋਂ ਵੱਧ ਟੈਸਟ ਦੌੜਾਂ ਬਣਾਉਣ ਵਾਲਾ ਭਾਰਤੀ ਵੀ ਬਣ ਸਕਦਾ ਹੈ।
ਲਾਰਡਸ ਮੈਦਾਨ ਦੀ ਪਿੱਚ ਰਿਪੋਰਟ
ਜੇਕਰ ਪਹਿਲੇ 2 ਟੈਸਟਾਂ ਵਾਂਗ, ਇੱਥੇ ਵੀ ਬੱਲੇਬਾਜ਼ੀ ਲਈ ਇੱਕ ਆਸਾਨ ਪਿੱਚ ਮਿਲ ਜਾਂਦੀ ਹੈ, ਤਾਂ ਸ਼ੁਭਮਨ ਨੂੰ ਸਾਰੇ ਰਿਕਾਰਡ ਤੋੜਨ ਲਈ ਸਖ਼ਤ ਮਿਹਨਤ ਨਹੀਂ ਕਰਨੀ ਪਵੇਗੀ। ਹਾਲਾਂਕਿ, ਜੇਕਰ ਗੇਂਦਬਾਜ਼ਾਂ ਲਈ ਇੱਕ ਮੱਦਦਗਾਰ ਪਿੱਚ ਮਿਲ ਜਾਂਦੀ ਹੈ, ਤਾਂ ਸ਼ੁਭਮਨ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਦੇ ਨਾਲ ਹੀ ਜੇਕਰ ਅਸੀਂ ਇੰਗਲੈਂਡ ਦੇ ਲਾਰਡਸ ਮੈਦਾਨ ‘ਤੇ ਟੈਸਟ ਰਿਕਾਰਡ ਦੀ ਗੱਲ ਕਰੀਏ, ਤਾਂ ਇੰਗਲੈਂਡ ਨੇ ਇੱਥੇ 145 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਇੰਗਲੈਂਡ ਨੇ 59 ਮੈਚ ਜਿੱਤੇ ਹਨ ਅਤੇ 35 ਹਾਰੇ ਹਨ ਅਤੇ 51 ਮੈਚ ਡਰਾਅ ਹੋਏ ਹਨ।
Read More: ਯੁਵਰਾਜ ਸਿੰਘ ਨੇ ਸ਼ੁਭਮਨ ਗਿੱਲ ਤੇ ਆਕਾਸ਼ ਦੀਪ ਦੀ ਕੀਤੀ ਤਾਰੀਫ਼, ਕਿਹਾ-“ਜਦੋਂ ਮਿਲਾਂਗਾ ਤਾਂ ਜੱਫੀ ਪਾਵਾਂਗਾ”