ਚੰਡੀਗੜ੍ਹ, 08 ਜੁਲਾਈ 2025: ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਆਪਣੇ ਦਫ਼ਤਰ ਵਿਖੇ ਇੱਕ ਰਸਮੀ ਸਮਾਗਮ ਦੌਰਾਨ 12 ਨਵ-ਨਿਯੁਕਤ ਜੇਲ੍ਹ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ। ਇਸ ਸਮਾਗਮ ਦੌਰਾਨ ਆਤਮ ਨਗਰ ਲੁਧਿਆਣਾ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਏਡੀਜੀਪੀ ਜੇਲ੍ਹਾਂ ਅਰੁਣ ਪਾਲ ਸਿੰਘ ਵੀ ਮੌਜੂਦ ਰਹੇ।
ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਨਵ-ਨਿਯੁਕਤ ਮੁਲਾਜ਼ਮਾਂ ‘ਚ 5 ਜੇਬੀਟੀ ਅਧਿਆਪਕ ਵੀ ਸ਼ਾਮਲ ਹਨ, ਜੋ ਕੈਦੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਦੇਣ ‘ਚ ਅਹਿਮ ਭੂਮਿਕਾ ਨਿਭਾਉਣਗੇ। ਇਸ ਨਾਲ ਸਮਾਜ ਦੀ ਮੁੱਖ ਧਾਰਾ ਅਤੇ ਪੁਨਰਵਾਸ ‘ਚ ਉਨ੍ਹਾਂ ਦੇ ਏਕੀਕਰਨ ਦਾ ਰਸਤਾ ਆਸਾਨ ਹੋ ਜਾਵੇਗਾ। ਇਸ ਤੋਂ ਇਲਾਵਾ, 3 ਕਲਰਕ, 1 ਵਾਰਡਰ ਅਤੇ 3 ਗਰੁੱਪ-ਡੀ ਅਧਿਕਾਰੀ ਵੀ ਨਿਯੁਕਤ ਕੀਤੇ ਗਏ ਹਨ।
ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਉਤਸ਼ਾਹ ਅਤੇ ਲਗਨ ਨਾਲ ਕੰਮ ਕਰਨ ਲਈ ਕਿਹਾ। ਜਿਕਰਯੋਗ ਹੈ ਕਿ ਜਨਵਰੀ 2025 ‘ਚ ਲਾਲਜੀਤ ਭੁੱਲਰ ਨੇ 15 ਜੇਬੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਸਨ, ਜੋ ਕਿ ਜੇਲ੍ਹ ਵਿਭਾਗ ‘ਚ ਇਨ੍ਹਾਂ ਅਸਾਮੀਆਂ ਲਈ ਕੀਤੀ ਗਈ ਪਹਿਲੀ ਰੈਗੂਲਰ ਭਰਤੀ ਸੀ।
ਜੇਲ੍ਹ ਵਿਭਾਗ ‘ਚ ਚੱਲ ਰਹੀਆਂ ਭਰਤੀ ਪਹਿਲਕਦਮੀਆਂ ਬਾਰੇ ਉਨ੍ਹਾਂ ਕਿਹਾ ਕਿ ਹਾਲ ਹੀ ‘ਚ ਪੂਰੀ ਹੋਈ ਭਰਤੀ ਪ੍ਰਕਿਰਿਆ ਦੇ ਤਹਿਤ, 738 ਵਾਰਡਰ ਅਤੇ 25 ਮੈਟਰਨ ਪਹਿਲਾਂ ਹੀ ਆਪਣੀ ਡਿਊਟੀ ‘ਤੇ ਜੁਆਇਨ ਕਰ ਚੁੱਕੇ ਹਨ। ਇਸ ਤੋਂ ਇਲਾਵਾ, 175 ਵਾਰਡਰ ਅਤੇ 4 ਮੈਟਰਨ ਦੀ ਭਰਤੀ ਪ੍ਰਕਿਰਿਆ ਵੀ ਮੁਕੰਮਲ ਹੋਣ ਦੇ ਨੇੜੇ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਲ੍ਹ ਵਿਭਾਗ ‘ਚ ਵੱਖ-ਵੱਖ ਸ਼੍ਰੇਣੀਆਂ ‘ਚ 1,220 ਅਸਾਮੀਆਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਇਸ ਲਈ ਭਰਤੀ ਪ੍ਰਕਿਰਿਆ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ।
ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਵਿਭਾਗ ਦੇ “ਸਿੱਖਿਆ ਦਾਤ ” ਪ੍ਰੋਜੈਕਟ ਦੇ ਤਹਿਤ, ਲਗਭਗ 2,200 ਕੈਦੀ ਇਸ ਸਮੇਂ ਵੱਖ-ਵੱਖ ਵਿਦਿਅਕ ਕੋਰਸਾਂ ‘ਚ ਦਾਖਲ ਹਨ, ਜਦੋਂ ਕਿ 513 ਕੈਦੀ ਪੰਜਾਬ ਹੁਨਰ ਵਿਕਾਸ ਮਿਸ਼ਨ ਦੁਆਰਾ ਚਲਾਏ ਜਾ ਰਹੇ ਇਲੈਕਟ੍ਰੀਸ਼ੀਅਨ, ਪਲੰਬਿੰਗ ਅਤੇ ਟੇਲਰਿੰਗ ਵਰਗੇ ਹੁਨਰ ਵਿਕਾਸ ਕੋਰਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਲਗਭਗ 55,000 ਸਰਕਾਰੀ ਨੌਕਰੀਆਂ ਨਿਯਮਤ ਤੌਰ ‘ਤੇ ਦਿੱਤੀਆਂ ਗਈਆਂ ਹਨ।
Read More: ਪੰਜਾਬ ਦੀਆਂ ਜੇਲ੍ਹਾਂ ‘ਚ ਲੱਗਣਗੇ ਅਤਿ-ਆਧੁਨਿਕ AI ਅਧਾਰਤ ਕੈਮਰੇ: ਲਾਲਜੀਤ ਸਿੰਘ ਭੁੱਲਰ