ਅਮਰਨਾਥ ਯਾਤਰਾ 2025

ਅਮਰਨਾਥ ਯਾਤਰਾ 2025: ਹੁਣ ਤੱਕ 12348 ਸ਼ਰਧਾਲੂਆਂ ਨੇ ਪਵਿੱਤਰ ਸ਼ਿਵਲਿੰਗ ਦੇ ਕੀਤੇ ਦਰਸ਼ਨ, ਇੱਕ ਸ਼ਰਧਾਲੂ ਦੀ ਮੌ.ਤ

ਸ਼੍ਰੀਨਗਰ, 04 ਜੁਲਾਈ 2025: Amarnath Yatra 2025: ਦੱਖਣੀ ਕਸ਼ਮੀਰ ਹਿਮਾਲਿਆ ‘ਚ ਸਥਿਤ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਅਮਰਨਾਥ ਯਾਤਰਾ ਜਾਰੀ ਹੈ। ਇਸ ਦੌਰਾਨ, ਸ਼ੇਸ਼ਨਾਗ ਬੇਸ ਕੈਂਪ ‘ਚ ਇੱਕ ਦੁਖਦਾਈ ਘਟਨਾ ਵਾਪਰੀ। ਉੱਤਰ ਪ੍ਰਦੇਸ਼ ਦੇ ਇੱਕ ਸ਼ਰਧਾਲੂ ਦੀ ਕੈਂਪ ‘ਚ ਅਚਾਨਕ ਬੇਹੋਸ਼ ਹੋ ਕੇ ਗਿਰ ਜਾਣ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸ਼ਰਧਾਲੂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਦੇ ਰਹਿਣ ਵਾਲੇ ਦਿਲੀਪ ਸ਼੍ਰੀਵਾਸਤਵ ਵਜੋਂ ਹੋਈ ਹੈ।

ਇਸ ਤੋਂ ਪਹਿਲਾਂ ਸਵੇਰੇ 6,400 ਤੋਂ ਵੱਧ ਸ਼ਰਧਾਲੂਆਂ ਦਾ ਤੀਜਾ ਜੱਥਾ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਦੋ ਵੱਖ-ਵੱਖ ਕਾਫਲਿਆਂ ‘ਚ ਅਮਰਨਾਥ ਗੁਫਾ ਮੰਦਰ ਜਾਣ ਲਈ ਰਵਾਨਾ ਹੋਇਆ।

ਜਿਕਰਯੋਗ ਹੈ ਕਿ ਅਮਰਨਾਥ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਈ ਸੀ। ਪਹਿਲੇ ਦਿਨ ਸ਼ਾਮ 7.15 ਵਜੇ ਤੱਕ 12,348 ਸ਼ਰਧਾਲੂਆਂ ਨੇ ਪਵਿੱਤਰ ਗੁਫਾ ‘ਚ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕੀਤੇ। ਇਨ੍ਹਾਂ ‘ਚ 9,181 ਪੁਰਸ਼ ਅਤੇ 2,223 ਔਰਤਾਂ ਸ਼ਾਮਲ ਸਨ। ਇਸਦੇ ਨਾਲ ਹੀ 99 ਬੱਚੇ, 122 ਸਾਧੂ, 7 ਸਾਧਵੀਆਂ, 708 ਸੁਰੱਖਿਆ ਕਰਮਚਾਰੀ ਅਤੇ 8 ਟ੍ਰਾਂਸਜੈਂਡਰ ਸ਼ਰਧਾਲੂ ਵੀ ਦਰਸ਼ਨ ਲਈ ਪਹੁੰਚੇ।

ਸਖ਼ਤ ਸੁਰੱਖਿਆ ਵਿਚਾਲੇ 3 ਜੁਲਾਈ ਦੀ ਸ਼ਾਮ ਨੂੰ ਜੰਮੂ ਦੇ ਭਗਵਤੀਨਗਰ ਬੇਸ ਕੈਂਪ ਤੋਂ 5200 ਤੋਂ ਵੱਧ ਸ਼ਰਧਾਲੂਆਂ ਦਾ ਦੂਜਾ ਜੱਥਾ ਰਵਾਨਾ ਹੋਇਆ ਸੀ, ਜੋ ਸ਼ੁੱਕਰਵਾਰ ਨੂੰ ਦੁਪਹਿਰ 2 ਵਜੇ ਪਹਿਲਗਾਮ ਬੇਸ ਕੈਂਪ ਪਹੁੰਚਿਆ।

ਇਸ ਸਾਲ ਲਈ ਅਮਰਨਾਥ ਯਾਤਰਾ 38 ਦਿਨ ਚੱਲੇਗੀ ਅਤੇ ਇਹ ਯਾਤਰਾ ਪਹਿਲਗਾਮ ਅਤੇ ਬਾਲਟਾਲ ਦੋਵਾਂ ਰੂਟਾਂ ਤੋਂ ਹੋਵੇਗੀ। ਇਸ ਸਾਲ ਅਮਰਨਾਥ ਯਾਤਰਾ 9 ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ। ਜਿਕਰਯੋਗ ਹੈ ਕਿ ਪਿਛਲੇ ਸਾਲ ਇਹ ਅਮਰਨਾਥ ਯਾਤਰਾ 52 ਦਿਨ ਚੱਲੀ ਸੀ ਅਤੇ 5 ਲੱਖ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ ਸਨ।

ਇਸ ਸਾਲ ਅਮਰਨਾਥ ਯਾਤਰਾ ਲਈ ਹੁਣ ਤੱਕ 3.5 ਲੱਖ ਤੋਂ ਵੱਧ ਸ਼ਰਧਾਲੂ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਸਦੇ ਨਾਲ ਹੀ ਤੁਰੰਤ ਰਜਿਸਟ੍ਰੇਸ਼ਨ ਲਈ ਜੰਮੂ ‘ਚ ਸਰਸਵਤੀ ਧਾਮ, ਵੈਸ਼ਨਵੀ ਧਾਮ, ਪੰਚਾਇਤ ਭਵਨ ਅਤੇ ਮਹਾਜਨ ਸਭਾ ‘ਚ ਕੇਂਦਰ ਖੋਲ੍ਹੇ ਗਏ ਹਨ। ਇਹ ਕੇਂਦਰ ਹਰ ਰੋਜ਼ ਦੋ ਹਜ਼ਾਰ ਸ਼ਰਧਾਲੂਆਂ ਨੂੰ ਰਜਿਸਟਰ ਕਰ ਰਹੇ ਹਨ।

Read More: Amarnath Yatra 2025: ਅਮਰਨਾਥ ਯਾਤਰਾ ਲਈ ਪਠਾਨਕੋਟ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧ

Scroll to Top